Jalandhar ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲੇ ਦੇ ਆਰੋਪੀਆਂ ਨੂੰ ਝਟਕਾ , ਮੋਹਾਲੀ NIA ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
Jalandhar Police Station grenade attack : ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ 'ਤੇ 7 ਸਾਲ ਪਹਿਲਾਂ 2018 ਵਿੱਚ ਹੋਏ ਗ੍ਰਨੇਡ ਹਮਲੇ ਦੇ ਆਰੋਪੀਆਂ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਹਮਲੇ ਦੇ ਤਿੰਨ ਮੁੱਖ ਆਰੋਪੀਆਂ ਆਮਿਰ ਨਜ਼ੀਰ, ਸ਼ਾਹਿਦ ਅਤੇ ਫਾਜ਼ਿਲ ਬਸੀਰ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।
ਇਹ ਫੈਸਲਾ ਮਾਮਲੇ ਦੀ ਗੰਭੀਰਤਾ, ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਆਰੋਪ ਅਤੇ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਏਜੰਸੀ ਨੇ ਆਰੋਪੀਆਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 307 (ਕਤਲ ਦੀ ਕੋਸ਼ਿਸ਼), 120ਬੀ (ਅਪਰਾਧਿਕ ਸਾਜ਼ਿਸ਼), 427, 153, 153ਏ, ਅਤੇ 153ਬੀ ਦੇ ਨਾਲ-ਨਾਲ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ 10, 13, 15, 16, 18, 20, ਅਤੇ 23 ਤਹਿਤ ਕੇਸ ਦਰਜ ਕੀਤਾ ਸੀ।
ਕਸ਼ਮੀਰ ਤੋਂ ਪਹਿਲਾਂ ਚੰਡੀਗੜ੍ਹ ਆਏ ਸਨ
ਐਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰੋਪੀ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ ਅਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਤਿੰਨੋਂ ਆਰੋਪੀ ਇਸ ਸਮੇਂ ਨਿਆਂਇਕ ਹਿਰਾਸਤ ਅਤੇ ਜੇਲ੍ਹ ਵਿੱਚ ਹਨ। ਐਨਆਈਏ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
ਇਸ ਅਨੁਸਾਰ 9 ਸਤੰਬਰ 2018 ਨੂੰ ਜਲੰਧਰ ਦੇ ਵੇਰਕਾ ਪਲਾਂਟ ਨੇੜੇ ਇੱਕ ਅੱਤਵਾਦੀ ਸੰਗਠਨ ਦੇ ਇੱਕ ਅਣਪਛਾਤੇ ਮੈਂਬਰ ਤੋਂ ਚਾਰ ਹੈਂਡ ਗ੍ਰਨੇਡ ਇਕੱਠੇ ਕੀਤੇ ਗਏ ਸਨ। ਇਸ ਤੋਂ ਬਾਅਦ 13 ਸਤੰਬਰ ਨੂੰ ਰੂਫ ਅਹਿਮਦ ਮੀਰ ਅਤੇ ਉਮਰ ਰਮਜ਼ਾਨ ਕਸ਼ਮੀਰ ਤੋਂ ਚੰਡੀਗੜ੍ਹ ਹਵਾਈ ਜਹਾਜ਼ ਦੇ ਜ਼ਰੀਏ ਪਹੁੰਚੀ ਸੀ, ਜਿੱਥੋਂ ਉਹ ਸੜਕ ਮਾਰਗ ਰਾਹੀਂ ਜਲੰਧਰ ਗਏ।
ਚਾਰ ਹੈਂਡ ਗ੍ਰਨੇਡ ਨਾਲ ਕੀਤੇ ਗਏ ਸੀ ਧਮਾਕੇ
ਮਕਸੂਦਾਂ ਪੁਲਿਸ ਸਟੇਸ਼ਨ 'ਤੇ ਚਾਰ ਹੈਂਡ ਗ੍ਰਨੇਡ ਧਮਾਕੇ ਕੀਤੇ ਗਏ ਸਨ। ਪੁਲਿਸ ਜਾਂਚ ਤੋਂ ਬਾਅਦ ਇੱਕ ਨਿੱਜੀ ਇੰਜੀਨੀਅਰਿੰਗ ਕਾਲਜ ਦੇ ਦੋ ਕਸ਼ਮੀਰੀ ਵਿਦਿਆਰਥੀ ਸ਼ਾਹਿਦ ਅਤੇ ਫਾਜ਼ਿਲ ਬਸ਼ੀਰ ਨੂੰ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਨੂੰ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਤੋਂ ਅਤੇ ਦੂਜੇ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਆਰੋਪੀਆਂ ਦਾ ਸਬੰਧ ਅੱਤਵਾਦੀ ਸੰਗਠਨ ਗਜ਼ਵਤ-ਉਲ-ਹਿੰਦ ਨਾਲ ਦੱਸਿਆ ਗਿਆ ਸੀ, ਜਿਸਦੀ ਅਗਵਾਈ ਇਸਦੇ ਨੇਤਾ ਜ਼ਾਕਿਰ ਰਾਸ਼ਿਦ ਭੱਟ ਉਰਫ ਜ਼ਾਕਿਰ ਮੂਸਾ ਕਰ ਰਹੇ ਸਨ, ਜਿਸਨੇ ਦੇਸ਼ ਭਰ ਵਿੱਚ ਸੁਰੱਖਿਆ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ।
- PTC NEWS