Jaswinder Bhalla : ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ 'ਚ ਪਵੇਗਾ ਜਸਵਿੰਦਰ ਭੱਲਾ ਦਾ ਭੋਗ, ਕਈ ਵੱਡੀਆਂ ਹਸਤੀਆਂ ਹੋਣਗੀਆਂ ਸ਼ਾਮਲ
Jaswinder Bhalla Bhog : ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਮਰਹੂਮ ਜਸਵਿੰਦਰ ਭੱਲਾ ਨਮਿਤ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 -ਸੀ ਵਿਖੇ ਸੰਪੰਨ ਹੋਵੇਗੀ, ਜਿਸ ਦੌਰਾਨ ਫ਼ਿਲਮੀ ਸਰਕਲ ਤੋਂ ਇਲਾਵਾ ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।
ਇਸ ਮੌਕੇ ਵੱਡੀਆਂ ਸ਼ਖਸੀਅਤਾਂ ਪਹੁੰਚਣਗੀਆਂ ਅਤੇ ਇਸ ਲਈ ਪੁਲਿਸ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ। ਜਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹਨ ਅਤੇ ਉਨ੍ਹਾਂ ਨੂੰ ਚਾਚਾ ਚਤਰਾ ਵਜੋਂ ਵੀ ਜਾਣਿਆ ਜਾਂਦਾ ਹੈ। 22 ਅਗਸਤ ਨੂੰ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਜਸਵਿੰਦਰ ਭੱਲਾ ਦਾ ਦੇਹਾਂਤ
ਜਸਵਿੰਦਰ ਭੱਲਾ ਨੂੰ ਬੀਤੇ ਦਿਨੀਂ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ ਪਰ ਇਲਾਜ ਚੱਲ ਰਿਹਾ ਸੀ ਤੇ 22 ਅਗਸਤ ਨੂੰ ਸਵੇਰੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 1 ਵਜੇ ਮੋਹਾਲੀ ਦੇ ਬਲੌਂਗੀ ਸਮਸ਼ਾਨ ਘਾਟ 'ਚ ਕੀਤਾ ਗਿਆ ਸੀ।
ਜਸਵਿੰਦਰ ਭੱਲਾ ਦਾ ਜਨਮ
ਜਸਵਿੰਦਰ ਭੱਲਾ ਦਾ ਜਨਮ 4 ਮਈ, 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਹ ਇੱਕ ਪ੍ਰੋਫੈਸਰ ਵੀ ਸਨ। ਉਨ੍ਹਾਂ ਨੇ 1988 ਵਿੱਚ "ਛਣਕਟਾ 88" ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ ਅਤੇ ਫਿਲਮ "ਦੁੱਲਾ ਭੱਟੀ" ਨਾਲ ਇੱਕ ਅਦਾਕਾਰ ਬਣੇ। ਉਹ ਆਪਣੀ ਕਾਮੇਡੀ ਲੜੀ "ਛਣਕਟਾ" ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਅੱਜ ਕੋਈ ਵੀ ਪੰਜਾਬੀ ਫਿਲਮ ਅਜਿਹੀ ਨਹੀਂ ਹੈ, ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ।
ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਪ੍ਰੋਫੈਸਰ ਸਨ। ਉਹ ਪੀਏਯੂ ਦੇ ਬ੍ਰਾਂਡ ਅੰਬੈਸਡਰ ਵੀ ਬਣੇ ਅਤੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੀਆਂ ਤਕਨੀਕਾਂ ਅਤੇ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦਾ ਪੂਰਾ ਧਿਆਨ ਕਿਸਾਨ ਭਾਈਚਾਰੇ ਦੀ ਸੇਵਾ ਕਰਨ ਅਤੇ ਜਾਗਰੂਕਤਾ ਵਧਾਉਣ 'ਤੇ ਰਿਹਾ।
- PTC NEWS