ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
Jet Airways Founder Arrested: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਈ.ਡੀ. ਨੇ ਗ੍ਰਿਫਤਾਰ ਕਰ ਲਿਆ ਹੈ। ਗੋਇਲ 'ਤੇ ਕੇਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਹੈ। ਗ੍ਰਿਫਤਾਰੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਸ ਤੋਂ ਪੁੱਛਗਿੱਛ ਕੀਤੀ ਗਈ। ਗੋਇਲ ਨੂੰ ਅੱਜ ਮੁੰਬਈ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਈ.ਡੀ. ਉਸ ਦੀ ਹਿਰਾਸਤ ਦੀ ਮੰਗ ਕਰੇਗਾ।
ਨਰੇਸ਼ ਗੋਇਲ ਨੂੰ ਸ਼ੁੱਕਰਵਾਰ ਨੂੰ ਈ.ਡੀ. ਅਧਿਕਾਰੀਆਂ ਨੇ ਪੁੱਛਗਿੱਛ ਲਈ ਤਲਬ ਕੀਤਾ ਸੀ। ਉਹ ਇਸ ਤੋਂ ਪਹਿਲਾਂ ਦੋ ਵਾਰ ਈ.ਡੀ. ਸਾਹਮਣੇ ਪੇਸ਼ ਨਹੀਂ ਹੋਇਆ ਸੀ। ਈ.ਡੀ. ਦੇ ਅਧਿਕਾਰੀ ਗੋਇਲ ਨੂੰ ਪੁੱਛਗਿੱਛ ਲਈ ਲੈ ਗਏ, ਜਿੱਥੋਂ ਉਸ ਨੂੰ ਮੁੰਬਈ ਲਿਆਂਦਾ ਗਿਆ। ਪੁੱਛਗਿੱਛ ਤੋਂ ਬਾਅਦ ਜੈੱਟ ਏਅਰਵੇਜ਼ ਦੇ ਸੰਸਥਾਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜੈੱਟ ਏਅਰਵੇਜ਼ ਦੇ ਸੰਸਥਾਪਕ ਦੇ ਖਿਲਾਫ ਈ.ਡੀ. ਦਾ ਮਾਮਲਾ ਇਸ ਸਾਲ ਮਈ ਵਿੱਚ ਦਰਜ ਕੀਤੀ ਗਈ ਸੀ.ਬੀ.ਆਈ ਐੱਫ.ਆਈ.ਆਰ 'ਤੇ ਅਧਾਰਤ ਹੈ। 5 ਮਈ ਨੂੰ ਸੀ.ਬੀ.ਆਈ ਅਧਿਕਾਰੀਆਂ ਨੇ ਗੋਇਲ ਦੀ ਰਿਹਾਇਸ਼ ਅਤੇ ਉਸ ਦੇ ਦਫ਼ਤਰਾਂ ਸਮੇਤ ਮੁੰਬਈ ਵਿੱਚ 7 ਥਾਵਾਂ ਦੀ ਤਲਾਸ਼ੀ ਲਈ ਸੀ।
ਕੇਨਰਾ ਬੈਂਕ ਦੀ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਸ ਦੀ ਪਤਨੀ ਅਨੀਤਾ ਅਤੇ ਕੰਪਨੀ ਦੇ ਕੁਝ ਸਾਬਕਾ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਹੈ। ਇਸ ਤੋਂ ਬਾਅਦ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆਇਆ।
ਬੈਂਕ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਜੈੱਟ ਏਅਰਵੇਜ਼ (ਇੰਡੀਆ) ਲਿਮਟਿਡ (ਜੇ.ਆਈ.ਐਲ) ਨੂੰ 848.86 ਕਰੋੜ ਰੁਪਏ ਦੀਆਂ ਕ੍ਰੈਡਿਟ ਲਿਮਿਟਾਂ ਅਤੇ ਕਰਜ਼ੇ ਮਨਜ਼ੂਰ ਕੀਤੇ ਸਨ, ਜਿਸ ਵਿੱਚੋਂ 538.62 ਕਰੋੜ ਰੁਪਏ ਬਕਾਇਆ ਹਨ। ਐੱਫ.ਆਈ.ਆਰ ਵਿੱਚ ਕਿਹਾ ਗਿਆ ਹੈ ਕਿ ਗੋਇਲ ਪਰਿਵਾਰ ਦੇ ਨਿੱਜੀ ਖਰਚੇ, ਜਿਵੇਂ ਕਿ ਕਰਮਚਾਰੀਆਂ ਦੀਆਂ ਤਨਖਾਹਾਂ, ਫੋਨ ਬਿੱਲ ਅਤੇ ਵਾਹਨ ਦੇ ਖਰਚੇ ਆਦਿ ਜੇ.ਆਈ.ਐਲ ਦੁਆਰਾ ਅਦਾ ਕੀਤੇ ਗਏ ਸਨ।
ਫੋਰੈਂਸਿਕ ਆਡਿਟ ਦੌਰਾਨ ਇਹ ਸਾਹਮਣੇ ਆਇਆ ਕਿ ਜੈੱਟ ਲਾਈਟ (ਇੰਡੀਆ) ਲਿਮਟਿਡ (ਜੇ.ਐਲ.ਐਲ) ਦੁਆਰਾ ਅਡਵਾਂਸ ਅਤੇ ਨਿਵੇਸ਼ ਕਰਕੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਸੀ ਅਤੇ ਬਾਅਦ ਵਿੱਚ ਉਪਬੰਧ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। JIL ਨੇ ਕਥਿਤ ਤੌਰ 'ਤੇ ਸਹਾਇਕ ਕੰਪਨੀ JLL ਲਈ ਲੋਨ, ਐਡਵਾਂਸ ਅਤੇ ਵਿਸਤ੍ਰਿਤ ਨਿਵੇਸ਼ਾਂ ਦੇ ਰੂਪ ਵਿੱਚ ਫੰਡਾਂ ਦੀ ਦੁਰਵਰਤੋਂ ਕੀਤੀ।
ਜੈੱਟ ਏਅਰਵੇਜ਼ 2019 ਵਿੱਚ ਬੰਦ ਹੋ ਗਈ
ਦੱਸ ਦੇਈਏ ਜੈੱਟ ਏਅਰਵੇਜ਼ ਨੂੰ 25 ਸਾਲ ਦੇ ਸੰਚਾਲਨ ਤੋਂ ਬਾਅਦ ਅਪ੍ਰੈਲ 2019 ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੈੱਟ ਏਅਰਵੇਜ਼ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਸ਼ੁਰੂਆਤੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਨਰੇਸ਼ ਗੋਇਲ ਨੇ ਟੈਕਸ ਬਚਾਉਣ ਲਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਵਿਚਾਲੇ ਕਈ ਸ਼ੱਕੀ ਲੈਣ-ਦੇਣ ਕੀਤੇ ਸਨ ਅਤੇ ਦੇਸ਼ ਤੋਂ ਬਾਹਰ ਫੰਡਿੰਗ ਕੀਤੀ ਸੀ।
- With inputs from agencies