Karachi COVID-19 : ਪਾਕਿਸਤਾਨ ਵਿੱਚ ਕੋਰੋਨਾ ਦਾ ਕਹਿਰ ਸ਼ੁਰੂ, ਕਰਾਚੀ ਵਿੱਚ 4 ਲੋਕਾਂ ਦੀ ਹੋਈ ਮੌਤ
Karachi COVID-19 : ਚੀਨ ਦੇ ਕਰੀਬੀ ਦੋਸਤ ਪਾਕਿਸਤਾਨ ਵਿੱਚ ਕੋਰੋਨਾ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 15 ਦਿਨਾਂ ਦੇ ਅੰਦਰ ਕਰਾਚੀ ਵਿੱਚ ਕੋਵਿਡ-19 ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਦੇ ਅਨੁਸਾਰ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਬਜ਼ੁਰਗ ਲੋਕ ਸਨ ,ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਸੀ ਅਤੇ ਜੋ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।
ਖ਼ਬਰਾਂ ਅਨੁਸਾਰ ਸਾਰੀਆਂ ਮੌਤਾਂ ਆਗਾ ਖਾਨ ਯੂਨੀਵਰਸਿਟੀ ਹਸਪਤਾਲ (AKUH) ਵਿੱਚ ਹੋਈਆਂ। ਇਸ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਕੋਵਿਡ-19 ਮਰੀਜ਼ ਦਾਖਲ ਹੋ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਅਸਾਧਾਰਨ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਡਾ: ਸਈਦ ਫੈਸਲ ਮਹਿਮੂਦ ਨੇ ਕਿਹਾ ਕਿ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ, 'ਅਸੀਂ ਦੇਖ ਰਹੇ ਹਾਂ ਕਿ ਕੋਵਿਡ-19 ਦੇ ਮਰੀਜ਼ ਹਰ ਰੋਜ਼ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ।'
ਕੋਵਿਡ ਦੀ ਮੌਜੂਦਾ ਲਹਿਰ ਅਜੀਬ
ਮੌਜੂਦਾ ਲਹਿਰ ਨੂੰ "ਅਜੀਬ" ਦੱਸਦਿਆਂ ਡਾ. ਮਹਿਮੂਦ ਨੇ ਕਿਹਾ ਕਿ ਸਾਹ ਦੀ ਬਿਮਾਰੀ ਹੋਣ ਕਰਕੇ ਸਰਦੀਆਂ ਦੇ ਮਹੀਨਿਆਂ ਦੌਰਾਨ ਕੋਵਿਡ ਦੀ ਲਾਗ ਆਮ ਤੌਰ 'ਤੇ ਜ਼ਿਆਦਾ ਹੁੰਦੀ ਹੈ ਪਰ ਕਰਾਚੀ ਵਿੱਚ ਦਿਨ ਦਾ ਤਾਪਮਾਨ ਅਜੇ ਵੀ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੇ ਬਾਵਜੂਦ ਪਾਕਿਸਤਾਨ ਵਿੱਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਡਾ: ਮਹਿਮੂਦ ਨੇ ਕਿਹਾ, 'ਇਹ ਫਲੂ ਵਰਗਾ ਇਨਫੈਕਸ਼ਨ ਹੈ ਅਤੇ ਇਸਦੇ ਮਾਮਲੇ ਆਮ ਤੌਰ 'ਤੇ ਸਰਦੀਆਂ ਵਿੱਚ ਵੱਧ ਜਾਂਦੇ ਹਨ।' ਹਾਲਾਂਕਿ, ਇਸ ਸਾਲ ਅਸੀਂ ਗਰਮੀਆਂ ਦੇ ਮੱਧ ਵਿੱਚ ਮਾਮਲਿਆਂ ਵਿੱਚ ਵਾਧਾ ਦੇਖ ਰਹੇ ਹਾਂ ਜਿਸਦੀ ਅਸੀਂ ਆਮ ਤੌਰ 'ਤੇ ਉਮੀਦ ਨਹੀਂ ਕਰਦੇ।
ਏਸ਼ੀਆ ਵਿੱਚ ਕੋਵਿਡ-19 ਦੇ ਮਾਮਲੇ ਫਿਰ ਵੱਧ ਰਹੇ
ਦਸੰਬਰ 2019 ਵਿੱਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਕੋਵਿਡ ਮਹਾਂਮਾਰੀ ਨੇ ਕੁਝ ਹੀ ਸਮੇਂ ਵਿੱਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਕੋਵਿਡ ਦੀਆਂ ਦੋ ਲਹਿਰਾਂ ਵਿੱਚ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਮੌਤ ਹੋ ਗਈ ਅਤੇ ਇਸਦਾ ਦੇਸ਼ਾਂ ਦੀ ਆਰਥਿਕਤਾ 'ਤੇ ਵੀ ਬੁਰਾ ਪ੍ਰਭਾਵ ਪਿਆ। ਦੁਨੀਆ ਅਜੇ ਕੋਵਿਡ ਦੇ ਪ੍ਰਭਾਵ ਤੋਂ ਉਭਰ ਹੀ ਰਹੀ ਸੀ ਕਿ ਇੱਕ ਵਾਰ ਫਿਰ ਵੱਖ-ਵੱਖ ਦੇਸ਼ਾਂ ਵਿੱਚ ਇਸਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹਾਂਗਕਾਂਗ ਅਤੇ ਸਿੰਗਾਪੁਰ ਸਮੇਤ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਕੋਵਿਡ ਇੱਕ ਵਾਰ ਫਿਰ ਫੈਲ ਰਿਹਾ ਹੈ, ਜਿਸ ਕਾਰਨ ਸਿਹਤ ਏਜੰਸੀਆਂ ਅਲਰਟ ਮੋਡ 'ਤੇ ਹਨ।
ਇਸ ਵਾਰ ਕੋਵਿਡ ਮਾਮਲਿਆਂ ਦੇ ਪਿੱਛੇ ਕੋਰੋਨਾਵਾਇਰਸ ਦਾ JN.1 ਵੇਰੀਐਂਟ ਅਤੇ ਇਸਦੇ ਸਬ ਵੇਰੀਐਂਟ ਹਨ। ਇਸ ਤੋਂ ਬਚਣ ਲਈ ਲੋਕਾਂ ਨੂੰ ਸਫਾਈ ਬਣਾਈ ਰੱਖਣ, ਨਿਯਮਿਤ ਤੌਰ 'ਤੇ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਗਲੇ ਵਿੱਚ ਖਰਾਸ਼, ਨੀਂਦ ਨਾ ਆਉਣਾ, ਘਬਰਾਹਟ, ਨੱਕ ਵਗਣਾ, ਖੰਘ, ਸਿਰ ਦਰਦ, ਕਮਜ਼ੋਰੀ ਜਾਂ ਥਕਾਵਟ, ਮਾਸਪੇਸ਼ੀਆਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਰੰਤ ਆਪਣੇ ਸਿਹਤ ਮਾਹਿਰ ਨਾਲ ਸੰਪਰਕ ਕਰੋ।
- PTC NEWS