Sharpy Ghuman Arrested: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ AGTF ਟੀਮ ਨੇ ਪੰਜਾਬੀ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸ ਦਈਏ ਕਿ ਇਹ ਗ੍ਰਿਫ਼ਤਾਰੀ AGTF ਦੀ ਟੀਮ ਨੇ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ ਪੰਜਾਬ ਦੇ ਪਟਿਆਲਾ ਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕਰਨ ਔਜਲਾ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜ਼ਦ ਅਨਮੋਲ ਬਿਸ਼ਨੋਈ ਕਰਨ ਔਜਲਾ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਵਿਵਾਦਾਂ 'ਚ ਘਿਰ ਗਏ ਹਨ। ਵੀਡੀਓ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਭਗੌੜਾ ਅਨਮੋਲ ਬਿਸ਼ਨੋਈ ਕਰਨ ਔਜਲਾ ਨਾਲ ਸਟੇਜ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਸੀ।ਦੱਸਿਆ ਜਾਂਦਾ ਹੈ ਕਿ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਨੇ ਇਸੇ ਦੌਰਾਨ ਆਪਣੇ ਭਰਾ ਅਨਮੋਲ ਨੂੰ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਸੀ। ਉਸ ਨੇ ਆਪਣੇ ਭਰਾ ਨੂੰ ਫਰਜ਼ੀ ਪਾਸਪੋਰਟ 'ਤੇ ਅਮਰੀਕਾ ਭੇਜਿਆ ਸੀ।ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਅਨਮੋਲ ਬਿਸ਼ਨੋਈ ਦੇ ਕੈਲੀਫੋਰਨੀਆ 'ਚ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਬਾਰੇ ਸਪੱਸ਼ਟੀਕਰਨ ਦਿੱਤਾ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਹ 16 ਅਪ੍ਰੈਲ ਨੂੰ ਇਕ ਵਿਆਹ 'ਚ ਪਰਫਾਰਮ ਕਰਨ ਲਈ ਅਮਰੀਕਾ ਗਏ ਸਨ ਅਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਪ੍ਰੋਗਰਾਮ 'ਚ ਕੌਣ-ਕੌਣ ਸ਼ਾਮਲ ਹੋ ਰਿਹਾ ਹੈ।