ਕੁਰਾਲੀ: ਫੋਕਲ ਪੁਆਇੰਟ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਕੁਰਾਲੀ: ਕੁਰਾਲੀ ਦੇ ਸਨਅਤੀ ਖੇਤਰ ਵਿੱਚ ਬੁੱਧਵਾਰ ਸਵੇਰੇ 11 ਵਜੇ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਭਗਦੜ ਮੱਚ ਗਈ। ਸੂਚਨਾ ਮਿਲਣ ਤੋਂ ਬਾਅਦ ਕਰੀਬ 11.30 ਵਜੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਅੱਗ 'ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਾਰਿਆਂ ਨੂੰ ਮੁਹਾਲੀ ਦੇ ਫੇਜ਼-6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਜਿਨ੍ਹਾਂ ਨੂੰ ਚੰਡੀਗੜ੍ਹ ਦੇ GMC-32 ਰੈਫਰ ਕਰ ਦਿੱਤਾ ਗਿਆ।
ਦੁਪਹਿਰ 1.30 ਵਜੇ ਅੱਗ ਬੁਝਾਉਂਦੇ ਸਮੇਂ ਦੋ ਧਮਾਕੇ ਹੋਏ। ਇਸ ਕਾਰਨ ਉਥੇ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਿੱਛੇ ਹੱਟਣਾ ਪਿਆ। ਜਾਣਕਾਰੀ ਮੁਤਾਬਕ ਫੈਕਟਰੀ 'ਚ ਅੱਗ ਲੱਗਣ ਕਾਰਨ ਅੰਦਰ ਕੰਮ ਕਰਦੇ ਮਜ਼ਦੂਰ ਫਸ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੰਦਰੋਂ ਪੰਜ ਲੋਕਾਂ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ।
ਮੁਹਾਲੀ, ਖਰੜ ਅਤੇ ਰੋਪੜ ਤੋਂ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ’ਤੇ ਪਹੁੰਚਈਆਂ ਅਤੇ ਕਰੀਬ 2 ਘੰਟੇ ਤੱਕ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿੱਚੋਂ ਪੰਜ ਵਾਹਨ ਮੁੜ ਪਾਣੀ ਇਕੱਠਾ ਕਰਨ ਲਈ ਚਲੇ ਗਏ ਹਨ। ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੀਆਂ ਫੈਕਟਰੀਆਂ ਵਿੱਚ ਵੀ ਡਰ ਦਾ ਮਾਹੌਲ ਹੈ।
ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਸ਼ਾਮ ਤੱਕ ਕੰਮ ਕਰਦੇ ਰਹੇ ਪਰ ਅੱਗ ਨਹੀਂ ਬੁਝਾਈ ਨਹੀਂ ਜਾ ਸਕੀ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਫੈਕਟਰੀ 'ਚ ਕਾਫੀ ਮਾਤਰਾ 'ਚ ਕੈਮੀਕਲ ਸੀ, ਜਿਸ ਕਾਰਨ ਅੱਗ ਫੈਲ ਗਈ। ਫਾਇਰ ਬ੍ਰਿਗੇਡ ਪਾਣੀ ਨਾਲ ਅੱਗ ਨਹੀਂ ਬੁਝਾ ਸਕੀ ਇਸ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਮੰਗਵਾਇਆ ਗਿਆ। ਜਿਸਨੂੰ ਬਚਾਅ ਕਰਮਚਾਰੀਆਂ ਨੇ ਪਾਣੀ ਵਿੱਚ ਮਿਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਖਰੜ ਦੇ ਐਸ.ਡੀ.ਐਮ. ਰਵਿੰਦਰ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਸਨ।
ਸਿਵਲ ਹਸਪਤਾਲ 'ਚ ਜ਼ਖਮੀ ਮੁਲਾਜ਼ਮਾਂ ਨਾਲ ਆਈ ਇੱਕ ਮਹਿਲਾ ਵਰਕਰ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਵੇਰੇ 11 ਵਜੇ ਦੇ ਕਰੀਬ 12 ਔਰਤਾਂ ਸਮੇਤ 25 ਦੇ ਕਰੀਬ ਮੁਲਾਜ਼ਮਾਂ ਨਾਲ ਫੈਕਟਰੀ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਡੰਪਿੰਗ ਲਈ ਡਰੰਮ ਵਿੱਚ ਟਰਪੇਨਟਾਈਨ ਤੇਲ ਪਾਇਆ ਜਾ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਪੰਜ ਮਹਿਲਾ ਮੁਲਾਜ਼ਮ ਝੁਲਸ ਗਈਆਂ।
ਜਦੋਂ ਧਮਾਕਾ ਹੋਇਆ ਉਹ ਡਰੰਮ ਤੋਂ ਕੁਝ ਦੂਰ ਸੀ ਅਤੇ ਧਮਾਕੇ ਦੀ ਆਵਾਜ਼ ਸੁਣਦੇ ਹੀ ਪਿੱਛੇ ਭੱਜ ਗਈ। ਇਸ ਤੋਂ ਬਾਅਦ ਬਾਕੀ ਮੁਲਾਜ਼ਮ ਵੀ ਬਾਹਰ ਭੱਜ ਗਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੰਦਰ ਫਸੇ ਕਰਮਚਾਰੀਆਂ ਨੂੰ ਬਾਹਰ ਕੱਢਿਆ। ਸੋਨੀਆ ਨਾਮਕ ਪੀੜਤ ਮਹਿਲਾ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ ਲਿਜਾਇਆ ਗਿਆ। ਜਦੋਂ ਕਿ ਅੰਜੂ ਅਤੇ ਸੰਧਿਆ ਕੁਮਾਰੀ ਨਾਮਕ ਦੋ ਮਹਿਲਾਵਾਂ ਨੂੰ 70 ਫੀਸਦੀ ਤੋਂ ਵੱਧ ਸੜ ਜਾਣ ਕਾਰਨ ਜੀਐਮਸੀਐਚ-32 ਰੈਫਰ ਕਰ ਦਿੱਤਾ ਗਿਆ। ਨਿਭਾ ਕੁਮਾਰੀ, ਜੈਦੇਵ ਦੇਵੀ ਅਤੇ ਦਿਲਜੀਤ ਕੌਰ ਦਾ ਮੁਹਾਲੀ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਅੱਗ ਲੱਗਣ ਤੋਂ ਬਾਅਦ ਮਦਦ ਲਈ ਅੱਗੇ ਆਏ। ਅੱਜ ਉਹ ਖਰੜ-ਕੁਰਾਲੀ ਰੋਡ ’ਤੇ ਸਥਿਤ ਪ੍ਰਭ ਆਸਰਾ ਆਸ਼ਰਮ ਵਿਖੇ ਆਏ ਹੋਏ ਸਨ। ਜਦੋਂ ਉਨ੍ਹਾਂ ਨੇ ਅਸਮਾਨ ਵਿੱਚ ਧੂੰਏਂ ਦੇ ਗੁਬਾਰੇ ਦੇਖੇ ਤਾਂ ਉਹ ਉਥੋਂ ਰਵਾਨਾ ਹੋ ਕੇ ਕੁਰਾਲੀ ਕੈਮੀਕਲ ਫੈਕਟਰੀ ਪਹੁੰਚ ਗਏ। ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਉਹ ਪ੍ਰਭ ਆਸਰਾ ਆਸ਼ਰਮ ਤੋਂ ਆਪਣੇ ਨਾਲ ਐਂਬੂਲੈਂਸ ਲੈ ਕੇ ਆਏ ਸਨ।
- With inputs from agencies