Ladhowal Toll Plaza : ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਅਪਡੇਟ, ਧਰਨਾ ਖਤਮ ਕਰਨ ਦਾ ਐਲਾਨ
Ladhowal Toll Plaza Update : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕੁੱਝ ਘੰਟੇ ਟੋਲ ਫ਼੍ਰੀ ਰਹਿਣ ਪਿੱਛੋਂ ਟੋਲ ਪਲਾਜ਼ਾ 'ਤੇ ਮੁੜ ਟੋਲ ਟੈਕਸ ਲੱਗਣਾ ਸ਼ੁਰੂ ਹੋ ਗਿਆ ਹੈ। ਟੋਲ ਪਲਾਜ਼ਾ ਮੁਲਾਜ਼ਮਾਂ ਨੇ ਟੋਲ ਤੋਂ ਧਰਨਾ ਚੁੱਕ ਲਿਆ ਹੈ। ਟੋਲ ਪਲਾਜ਼ਾ ਮੁਲਾਜ਼ਮ ਐਸੋਸੀਏਸ਼ਨ ਨੇ ਕੰਪਨੀ ਪ੍ਰਬੰਧਕਾਂ ਵੱਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਉਪਰੰਤ ਧਰਨਾ ਚੁੱਕਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ 11 ਵਜੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਅਧਿਕਾਰੀਆਂ ਵੱਲੋਂ ਧਰਨਾ ਲਾਇਆ ਗਿਆ ਸੀ। ਟੋਲ ਮੁਲਾਜ਼ਮਾਂ 'ਚ ਰੋਸ ਪ੍ਰਗਟ ਕਰਦਿਆਂ ਕਿਹਾ ਸੀ ਕਿ ਲੰਮੇ ਸਮੇਂ ਤੋਂ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਅਸੀਂ ਇਹ ਫੈਸਲਾ ਲਿਆ ਹੈ। ਉਪਰੰਤ ਲਾਡੋਵਾਲ ਟੋਲ ਪਲਾਜ਼ਾ 'ਤੇ ਮੁਲਾਜ਼ਮਾਂ ਨੇ ਧਰਨਾ ਲਾ ਕੇ ਫ੍ਰੀ ਕਰਵਾ ਦਿੱਤਾ ਸੀ। ਮੁਲਾਜ਼ਮਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਅਨਮਿੱਥੇ ਸਮੇਂ ਦੇ ਲਈ ਟੋਲ ਪਲਾਜ਼ਾ ਇਸੇ ਤਰ੍ਹਾਂ ਫ੍ਰੀ ਰਹੇਗਾ।
ਮੁਲਾਜ਼ਮਾਂ ਨੇ ਕਿਹਾ ਸੀ ਕਿ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਤਾਂ ਸਰਕਾਰੀ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦਾ ਪੀਐਫ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ਵੱਲੋਂ ਟੋਲ ਮੁਲਾਜ਼ਮਾਂ ਨੂੰ ਕੋਈ ਈਐਸਆਈ ਅਤੇ ਭਲਾਈ ਸਕੀਮਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਪਰ ਹੁਣ ਕੰਪਨੀ ਪ੍ਰਬੰਧਕਾਂ ਵੱਲੋਂ ਇਨ੍ਹਾਂ ਮੰਗਾਂ ਸਬੰਧੀ ਮੁਲਾਜ਼ਮ ਯੂਨੀਅਨ ਨੂੰ ਭਰਸਾ ਦਿੱਤਾ ਗਿਆ ਹੈ, ਜਿਸ ਪਿੱਛੋਂ ਯੂਨੀਅਨ ਨੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ।
- PTC NEWS