ਲੁਧਿਆਣਾ: ਮਕਾਨ ਮਾਲਿਕ ਨੇ ਮਹਿਲਾ ਨਾਲ਼ ਕੀਤਾ ਜਬਰ ਜ਼ਿਨਾਹ, ਕਮਰੇ ਵਿੱਚ ਘੁਸ ਵਾਰਾਦਾਤ ਨੂੰ ਦਿੱਤਾ ਅੰਜਾਮ
ਲੁਧਿਆਣਾ: ਲੁਧਿਆਣਾ 'ਚ ਮਕਾਨ ਮਾਲਕ ਨੇ ਕਿਰਾਏ ਦੇ ਕਮਰੇ 'ਚ ਰਹਿਣ ਵਾਲੀ ਔਰਤ ਨਾਲ ਜਬਰ ਜ਼ਿਨਾਹ ਕੀਤਾ। ਔਰਤ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਭੱਜ ਗਿਆ। ਪੀੜਤ ਔਰਤ ਨੇ ਮਕਾਨ ਮਾਲਕ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 20 ਅਗਸਤ ਨੂੰ ਉਸਦਾ ਮਹੀਨੇ ਦਾ ਕਿਰਾਇਆ ਪੂਰਾ ਹੋ ਗਿਆ ਸੀ। 3200 ਰੁਪਏ ਦਾ ਕਿਰਾਇਆ ਦੇਣਾ ਬਾਕੀ ਸੀ।
ਔਰਤ ਨੇ ਦੱਸਿਆ ਕਿ ਉਸਦੇ ਪਹਿਲੇ ਪਤੀ ਦੀ 2020 ਵਿੱਚ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ। ਪਰਿਵਾਰ ਵਾਲਿਆਂ ਨੇ ਦੂਸਰਾ ਵਿਆਹ ਰੋਹਿਤ ਨਾਂ ਦੇ ਨੌਜਵਾਨ ਨਾਲ ਮੰਦਰ 'ਚ ਕਰਵਾਇਆ। ਪਤੀ ਰੋਹਿਤ ਕੰਮ 'ਤੇ ਗਿਆ ਹੋਇਆ ਸੀ। ਇਸੇ ਦੌਰਾਨ ਮੁਲਜ਼ਮ ਸੰਨੀ ਵਾਸੀ ਗਲੀ ਨੰਬਰ 4 ਸੰਤ ਨਗਰ ਹੈਬੋਵਾਲ 4 ਸਤੰਬਰ ਨੂੰ ਘਰ ਆਇਆ। ਮੁਲਜ਼ਮ ਉਸ ਤੋਂ ਕਿਰਾਏ ਦੀ ਮੰਗ ਕਰਨ ਲੱਗਾ। ਪੀੜਤਾ ਨੇ ਮਕਾਨ ਮਾਲਕ ਨੂੰ ਕਿਰਾਏ ਬਾਰੇ ਆਪਣੇ ਪਤੀ ਨਾਲ਼ ਗੱਲ ਕਰਨ ਲਈ ਕਿਹਾ।
ਧੱਕਾ-ਮੁੱਕੀ ਕਰਕੇ ਬਣਾਏ ਸਰੀਰਕ ਸਬੰਧ:
ਪੀੜਤਾ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਜਦੋਂ ਉਹ ਕੰਮ 'ਤੇ ਜਾਣ ਲਈ ਕਮਰੇ 'ਚ ਤਿਆਰ ਹੋ ਰਹੀ ਸੀ ਤਾਂ ਦੋਸ਼ੀ ਜ਼ਬਰਦਸਤੀ ਉਸ ਦੇ ਕਮਰੇ 'ਚ ਦਾਖ਼ਿਲ ਹੋ ਗਿਆ ਅਤੇ ਉਸ ਨਾਲ ਧੱਕਾ-ਮੁੱਕੀ ਕਰਨ ਲੱਗਾ। ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੁਲਜ਼ਮ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਔਰਤ ਨੇ ਘਟਨਾ ਦੇ ਤੁਰੰਤ ਬਾਅਦ ਆਪਣੇ ਪਤੀ ਰੋਹਿਤ ਨੂੰ ਸੂਚਨਾ ਦਿੱਤੀ।
ਥਾਣਾ ਹੈਬੋਵਾਲ ਦੇ ਤਫ਼ਤੀਸ਼ੀ ਅਫ਼ਸਰ ਓਮ ਪ੍ਰਕਾਸ਼ ਅਨੁਸਾਰ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੰਨੀ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 376 ਅਤੇ 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS