ਪਿੱਛਲੇ 75 ਸਾਲਾਂ ਤੋਂ ਲੋਕਤੰਤਰ ਦੇ ਪਰਦੇ ਪਿੱਛੇ ਹੋ ਰਿਹਾ ਲੋਕ ਹਿੱਤਾਂ ਦਾ ਘਾਣ - ਕਿਸਾਨ ਮਜਦੂਰ ਸੰਗਰਸ਼ ਕਮੇਟੀ
ਅੰਮ੍ਰਿਤਸਰ/ਹੁਸ਼ਿਆਰਪੁਰ, 26 ਜਨਵਰੀ (ਮਨਿੰਦਰ ਸਿੰਘ ਮੋਂਗਾ/ਯੋਗਜਗ): ਅੰਮ੍ਰਿਤਸਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਪੱਧਰੀ ਸੰਘਰਸ਼ਾਂ ਦੇ ਦੌਰ ਨਿਰੰਤਰ ਜਾਰੀ ਹਨ। ਜਿੰਨਾ ਦੇ ਚਲਦੇ ਅੱਜ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਰੈਲੀਆਂ ਦੇ ਚਲਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਹਜ਼ਾਰਾਂ ਕਿਸਾਨ ਮਜਦੂਰ ਅਤੇ ਬੀਬੀਆਂ ਦੇ ਵਿਸ਼ਾਲ ਇੱਕਠ ਕੀਤੇ ਗਏ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਿਆਸਤਦਾਨਾਂ ਦੁਆਰਾ ਪਿੱਛਲੇ 75 ਸਾਲਾਂ ਤੋਂ ਲੋਕਤੰਤਰ ਦੇ ਪਰਦੇ ਪਿੱਛੇ ਲੋਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਤਰੀਕੇ ਦੇਸ਼ ਵਿਚ ਸੰਵਿਧਾਨ ਦਾ ਰਾਜ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਡਾ. ਅੰਬੇਡਕਰ ਜੀ ਦੀ ਫੋਟੋ ਦਫਤਰਾਂ ਵਿਚ ਲਗਾ ਕੇ ਫੁੱਲਾਂ ਦੀ ਮਾਲਾ ਪਾਉਣ ਵਾਲੇ ਲੋਕਾਂ ਵੱਲੋਂ ਹੀ ਸੰਵਿਧਾਨ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਨੀ ਨੂੰ ਜਮਾਨਤ ਮਿਲਣ 'ਤੇ ਸਖਤ ਇਤਰਾਜ਼ ਜਿਤਾਉਂਦੇ ਕਿਹਾ ਕਿ ਅੱਜ ਨਿਆਇਕ ਵਿਵਸਥਾ ਲੋਕਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਨਾਕਾਮ ਹੋ ਰਹੀ ਹੈ, ਜੋ ਲੋਕਤੰਤਰ ਅਖਵਾਉਣ ਵਾਲੇ ਮੁਲਖ ਲਈ ਠੀਕ ਨਹੀਂ |
ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਭਾਰਤ ਦੇ ਲੋਕਾਂ ਦੇ ਹਾਲਾਤ ਡਾਵਾਂਡੋਲ ਹੋਏ ਪਏ ਹਨ ਪਰ ਸਰਕਾਰਾਂ ਸਿਰਫ ਕਾਰਪੋਰੇਟ ਦੇ ਵਿਕਾਸ ਨੂੰ 'ਦੇਸ਼ ਦਾ ਵਿਕਾਸ' ਦੱਸ ਕੇ ਗੁੰਮਰਾਹਕੁਨ ਪ੍ਰਚਾਰ ਕਰ ਰਹੀਆਂ ਹਨ। ਪਰ ਜਨਤਾ ਦਿਨ ਬ ਦਿਨ ਸਮਝਦਾਰ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਨਤਾ ਪੱਖੀ ਫੈਸਲੇ ਕਰਨੇ ਪੈਣਗੇ ਅਤੇ ਸਾਡੀ ਮੰਗ ਹੈ ਸਰਕਾਰ ਮਾਰੂ ਨਸ਼ਿਆਂ ਦੀ ਪੂਰਨ ਰੂਪ ਨਸ਼ਾਬੰਦੀ ਕਰੇ, ਐੱਮਐੱਸਪੀ ਗਰੰਟੀ ਕਨੂੰਨ ਬਣਾ ਕੇ ਆਪਣਾ ਵਾਅਦਾ ਪੂਰਾ ਕਰੇ, ਬੇਰੁਜ਼ਗਾਰੀ ਖਤਮ ਕਰਨ ਲਈ ਰੁਜ਼ਗਾਰ ਪੈਦਾ ਕੀਤਾ ਜਾਵੇ, ਮਿਆਦ ਤੋਂ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਜਲਦ ਕੀਤੀ ਜਾਵੇ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ ਕਰਕੇ ਇਨਸਾਫ਼ ਕੀਤਾ ਜਾਵੇ, ਮਜ਼ਦੂਰਾਂ ਲਈ ਮਨਰੇਗਾ ਵਰਗੀਆਂ ਸਕੀਮਾਂ ਤਹਿਤ ਸਾਲ ਦੇ 365 ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਦੁਗਣੀ ਕੀਤੀ ਜਾਵੇ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 1 ਫਰਵਰੀ ਨੂੰ ਮੁਹਾਲੀ ਚੰਡੀਗੜ ਬਾਡਰ 'ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਵਿਚ ਜਥੇਬੰਦੀ ਵੱਲੋਂ ਵੱਡਾ ਜਥਾ ਰਵਾਨਾ ਕੀਤਾ ਜਾਵੇਗਾ ਅਤੇ ਜਥੇਬੰਦੀ ਮੰਗ ਕਰਦੀ ਹੈ ਕਿ ਮੋਰਚੇ ਦੀਆਂ ਸਾਰੀਆਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਜ਼ੀਰਾ ਮੋਰਚੇ 'ਤੇ ਵੀ ਪੂਰੇ ਤਰੀਕੇ ਨਾਲ ਡੱਟੇ ਹਨ ਅਤੇ ਕਿਸੇ ਕਾਰਗਾਰ ਹੱਲ ਤੱਕ ਮੋਰਚਾ ਜਾਰੀ ਹੈ। ਪੰਧੇਰ ਨੇ ਕਿਹਾ ਕਿ ਲਾਤੀਫ਼ਪੁਰਾ ਮਸਲੇ 'ਤੇ ਵੀ ਸਰਕਾਰ ਜਲਦ ਲੋਕ ਪੱਖੀ ਫੈਸਲਾ ਧਰਾਤਲ 'ਤੇ ਲਾਗੂ ਕਰੇ |
ਉਨ੍ਹਾਂ ਦੱਸਿਆ ਕਿ 29 ਜਨਵਰੀ ਨੂੰ ਦਿੱਲੀ ਮੋਰਚੇ ਦੌਰਾਨ ਜਥੇਬੰਦੀ ਦੀ ਦਿੱਲੀ ਸਟੇਜ ਆਰਐੱਸਐੱਸ ਤੇ ਬੀਜੇਪੀ ਵੱਲੋਂ ਕਰਵਾਏ ਹਮਲੇ ਦੇ ਮੁਖ ਦੋਸ਼ੀ ਪ੍ਰਦੀਪ ਖਤ੍ਰੀ ਤੇ ਅਮਨ ਢੱਬਾਸ ਉਪਰ ਕਨੂੰਨੀ ਕਾਰਵਾਈ 'ਤੇ ਹੋਰ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਵਿਚ 3 ਘੰਟੇ ਦੇ ਸੰਕੇਤਕ ਧਰਨੇ ਵਜੋਂ ਰੇਲਾਂ ਰੋਕੀਆਂ ਜਾਣਗੀਆਂ। ਪਰ ਵੱਖ ਵੱਖ ਰੋਡ ਪ੍ਰੋਜੈਕਟਾਂ ਲਈ ਗਲਤ ਤਰੀਕਿਆਂ ਨਾਲ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਮਸਲੇ ਅਤੇ ਗੰਨੇ ਦਾ ਤਹਿ ਹੋਇਆ 380 ਰੁਪਏ ਰੇਟ ਲੈਣ, ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਅਤੇ ਪ੍ਰਦੂਸ਼ਣ ਕਨੂੰਨ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਮਸਲਿਆਂ ਨੂੰ ਲੈ ਕੇ ਗੁਰਦਾਸਪੁਰ ਵਿਚ ਇਹ ਧਰਨੇ ਜਾਰੀ ਰਹਿਣਗੇ ਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਮੁੱਦੇ ਦਾ ਕਾਰਗਾਰ ਹੱਲ ਕੀਤਾ ਜਾਵੇ।
ਡੀ.ਸੀ. ਦਫਤਰ ਹੁਸ਼ਿਆਰਪੁਰ ਅੱਗੇ ਵੀ ਮਨਾਇਆ ਦਿੱਲੀ ਫਤਿਹ ਦਿਵਸ
ਅੱਜ ਹੁਸ਼ਿਆਰਪੁਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਕਿਸਾਨਾਂ, ਮਜਦੂਰਾਂ ਅਤੇ ਬੀਬੀਆਂ ਵੱਲੋਂ ਜ਼ਿਲ੍ਹਾ ਕੰਪਲੈਕਸ ਹੁਸ਼ਿਆਰਪੁਰ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਸ਼ਹਿਰ 'ਚ ਟਰੈਕਟਰ ਮਾਰਚ ਕੱਢਿਆ ਅਤੇ ਬਾਅਦ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ ਧਰਨਾ ਦਿੱਤਾ। ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰਾਂ ਆਪਣੇ ਵਾਅਦਿਆਂ ਤੋਂ ਮੁੱਕਰ ਰਹੀਆਂ ਹਨ ,ਉਨ੍ਹਾਂ ਕਿਹਾ ਕਿ ਬੇਸ਼ਕ ਕਿਸਾਨਾਂ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਖੇਤੀ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਪਰ ਹਾਲੇ ਵੀ ਕਈ ਮੰਗਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮੰਨਣ ਤੋਂ ਸਰਕਾਰ ਮੁਨਕਰ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਕਿਸਾਨ ਮਜ਼ਦੂਰਾਂ ਖਿਲਾਫ ਧਕੇਸ਼ਾਈ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਉਹ ਤਿੱਖਾ ਸੰਘਰਸ਼ ਵਿਡਣਗੇ।
- PTC NEWS