Moga News : ਮੋਗਾ 'ਚ ਨਸ਼ਾ ਨਾ ਮਿਲਣ 'ਤੇ ਸ਼ਖਸ ਨੇ ਖੁਦ ਨੂੰ ਲਾਈ ਅੱਗ, ਹਸਪਤਾਲ ਦਾਖਲ
ਮੋਗਾ : ਸ਼ਹਿਰ 'ਚ ਨਸ਼ੇ ਦੀ ਲਤ ਨੇ ਹੋਰ ਇਕ ਪਰਿਵਾਰ ਨੂੰ ਤਬਾਹੀ ਦੇ ਕਿਨਾਰੇ ਲਿਆ ਖੜ੍ਹਾ ਕੀਤਾ ਹੈ। ਮੋਗਾ ਸ਼ਹਿਰ ਵਿੱਚ ਇਕ ਨੌਜਵਾਨ ਨੇ ਨਸ਼ਾ ਨਾ ਮਿਲਣ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ। ਘਟਨਾ ਇੰਨੀ ਭਿਆਨਕ ਸੀ ਕਿ ਨੌਜਵਾਨ ਪੂਰੀ ਤਰ੍ਹਾਂ ਝੁਲਸ ਗਿਆ। ਜਿਵੇਂ ਹੀ ਮੌਕੇ 'ਤੇ ਆਸ ਪਾਸ ਦੇ ਲੋਕਾਂ ਨੇ ਅੱਗ ਦੇ ਗੋਲੇ ਬਣੇ ਨੌਜਵਾਨ ਨੂੰ ਵੇਖਿਆ, ਉਨ੍ਹਾਂ ਨੇ ਫਟਾਫਟ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਾਜ ਸੇਵਾ ਸੁਸਾਇਟੀ ਨੂੰ ਸੂਚਨਾ ਦਿੱਤੀ। ਸੇਵਾਦਾਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ।
ਝੁਲਸੇ ਹੋਏ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਹਮੇਸ਼ਾ ਨਸ਼ੇ ਦੀ ਮੰਗ ਕਰਦਾ ਸੀ। ਜਦੋਂ ਉਹ ਪੈਸੇ ਨਾ ਦੇਂਦੀ, ਤਾਂ ਉਸਨੂੰ ਕੁੱਟਦਾ-ਮਾਰਦਾ ਸੀ। ਅੱਜ ਵੀ ਉਹ ਆਪਣੇ ਕੰਮ 'ਚ ਲੱਗੀ ਹੋਈ ਸੀ, ਪਤਾ ਨਹੀਂ ਕਦੋਂ ਉਹ ਗੁਆਂਢ 'ਚੋਂ ਤੇਲ ਦੀ ਬੋਤਲ ਲਿਆ ਕੇ ਆਪਣੇ ਆਪ ਨੂੰ ਅੱਗ ਲਾ ਬੈਠਾ।
ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ "ਸਾਨੂੰ ਕਾਲ ਆਈ ਸੀ ਕਿ ਇਕ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਵੇਖਿਆ ਕਿ ਨੌਜਵਾਨ ਝੁਲਸਿਆ ਹੋਇਆ ਸੀ। ਅਸੀਂ ਫਟਾਫਟ ਐਬੂਲੈਂਸ ਰਾਹੀਂ ਹਸਪਤਾਲ ਭੇਜਿਆ।"
ਚਾਨੀ ਨੇ ਇਹ ਵੀ ਦੱਸਿਆ ਕਿ ਨੌਜਵਾਨ ਦਾ ਪਹਿਲਾਂ ਵੀ ਇਲਾਜ ਚੱਲ ਰਿਹਾ ਸੀ ਤੇ ਉਹ ਹਰ ਵੇਲੇ ਪਰਿਵਾਰ ਨੂੰ ਤੰਗ ਕਰਦਾ ਸੀ।
- PTC NEWS