Wed, Nov 11, 2026
Whatsapp

Belonging - A Journey of Love : ਇਹ ਕਿਤਾਬ ਪਿਆਰ ਦਾ ਸਫ਼ਰ ਨਹੀਂ, ਸਗੋਂ ਝੂਠਾਂ ਦੀ ਪੰਡ ਹੈ : ਮਨਜਿੰਦਰ ਸਿੰਘ ਸਿਰਸਾ

Manjinder Singh Sirsa ਨੇ ਕਿਹਾ, "ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਤਾਂ ਉਨ੍ਹਾਂ ਦੇ ਹੰਝੂ ਸੁੱਕ ਗਏ ਸਨ। ਉਹ ਆਪ ਮੰਨ ਰਹੇ ਹਨ ਕਿ ਦੋ ਹਜ਼ਾਰ ਤੋਂ ਵੱਧ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਤਾਂ ਫਿਰ ਕਾਤਲਾਂ ਦੇ ਨਾਮ ਕਿੱਥੇ ਹਨ? ਉਨ੍ਹਾਂ ਨੂੰ ਗਿਣਤੀ ਪਤਾ ਹੈ, ਪਰ ਉਹ ਨਾਮ ਲੁਕਾ ਰਹੇ ਹਨ।"

Reported by:  PTC News Desk  Edited by:  KRISHAN KUMAR SHARMA -- November 11th 2026 08:46 PM -- Updated: November 11th 2026 08:49 PM
Belonging - A Journey of Love : ਇਹ ਕਿਤਾਬ ਪਿਆਰ ਦਾ ਸਫ਼ਰ ਨਹੀਂ, ਸਗੋਂ ਝੂਠਾਂ ਦੀ ਪੰਡ ਹੈ : ਮਨਜਿੰਦਰ ਸਿੰਘ ਸਿਰਸਾ

Belonging - A Journey of Love : ਇਹ ਕਿਤਾਬ ਪਿਆਰ ਦਾ ਸਫ਼ਰ ਨਹੀਂ, ਸਗੋਂ ਝੂਠਾਂ ਦੀ ਪੰਡ ਹੈ : ਮਨਜਿੰਦਰ ਸਿੰਘ ਸਿਰਸਾ

Manjinder Singh Sirsa : ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੋਨੀਆ ਗਾਂਧੀ ਦੀ ਕਿਤਾਬ Belonging: A Journey of Love ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਨੇ 1984 ਬਾਰੇ ਕਿਤਾਬ ਵਿੱਚ ਕੀਤੇ ਗਏ ਜ਼ਿਕਰ ਦੀ ਤੁਲਨਾ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ, ਅਦਾਲਤੀ ਫ਼ੈਸਲਿਆਂ ਅਤੇ ਸੰਸਦੀ ਰਿਕਾਰਡਾਂ ਨਾਲ ਕੀਤੀ। ਉਨ੍ਹਾਂ ਦਾ ਫ਼ੈਸਲਾ ਸਪੱਸ਼ਟ ਸੀ। ਇਹ ਕੋਈ ਯਾਦਾਂ ਦੀ ਕਿਤਾਬ ਨਹੀਂ, ਸਗੋਂ ਗਾਂਧੀ ਪਰਿਵਾਰ ਦੇ ਦਾਗ਼ਦਾਰ ਅਕਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੈ। ਇਹ ਪਰਿਵਾਰ ਨੂੰ ਬਚਾਉਂਦੀ ਹੈ, ਕਮਿਸ਼ਨਾਂ ਵੱਲੋਂ ਨਾਮਜ਼ਦ ਕੀਤੇ ਗਏ ਕਾਂਗਰਸੀ ਆਗੂਆਂ ਨੂੰ ਲੁਕਾਉਂਦੀ ਹੈ ਅਤੇ ਸਿੱਖ ਭਾਈਚਾਰੇ ਦੇ ਹਿੱਸੇ ਵਿੱਚ ਬਹਾਨਿਆਂ ਤੋਂ ਇਲਾਵਾ ਕੁਝ ਨਹੀਂ ਛੱਡਦੀ।

ਮੰਤਰੀ ਸਿਰਸਾ ਨੇ ਕਿਹਾ, "ਸੋਨੀਆ ਗਾਂਧੀ ਨੇ ਆਪਣੇ ਹੰਝੂਆਂ ਬਾਰੇ ਲਿਖਿਆ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਹੰਝੂਆਂ ਬਾਰੇ ਲਿਖਿਆ ਹੈ। ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪਰ ਉਨ੍ਹਾਂ ਸਿੱਖ ਪਰਿਵਾਰਾਂ ਲਈ ਜਵਾਬਦੇਹੀ ਬਾਰੇ ਇੱਕ ਲਾਈਨ ਵੀ ਨਹੀਂ ਲਿਖੀ, ਜਿਨ੍ਹਾਂ ਦੇ ਘਰ ਸਾੜੇ ਗਏ, ਜਿਨ੍ਹਾਂ ਦੇ ਬੱਚੇ ਯਤੀਮ ਹੋ ਗਏ ਅਤੇ ਜਿਨ੍ਹਾਂ ਦੀਆਂ ਬੀਬੀਆਂ ਨੇ ਆਪਣੇ ਪਤੀ ਅਤੇ ਪੁੱਤਰ ਗੁਆ ਦਿੱਤੇ। ਉਹ ਪੀੜਤ ਪਰਿਵਾਰ ਬੀਤੇ 42 ਸਾਲਾਂ ਤੋਂ ਸੱਚ ਦੀ ਉਡੀਕ ਕਰ ਰਹੇ ਹਨ। ਇਹ ਕਿਤਾਬ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਨਜ਼ਰਅੰਦਾਜ਼ ਕਰਦੀ ਹੈ।"

ਆਪਣੇ ਹੀ ਸ਼ਬਦਾਂ ਵਿੱਚ ਘਿਰੀ ਸੋਨੀਆ ਗਾਂਧੀ : ਸਿਰਸਾ

ਮੰਤਰੀ ਸਿਰਸਾ ਨੇ ਕਿਹਾ ਕਿ ਇਹ ਕਿਤਾਬ ਆਪ ਇਹ ਆਪਣਾ ਗੁਨਾਹ ਕਬੂਲਦੀ ਹੈ। ਸੋਨੀਆ ਗਾਂਧੀ ਲਿਖਦੀ ਹੈ ਕਿ "more than two thousand lost their lives in the capital alone, in the most cruel and cold-blooded manner"। ਇਸੇ ਅਧਿਆਇ ਵਿੱਚ ਉਹ ਲਿਖਦੇ ਹਨ, "I had become empty of tears"।

ਮੰਤਰੀ ਸਿਰਸਾ ਨੇ ਕਿਹਾ, "ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਤਾਂ ਉਨ੍ਹਾਂ ਦੇ ਹੰਝੂ ਸੁੱਕ ਗਏ ਸਨ। ਉਹ ਆਪ ਮੰਨ ਰਹੇ ਹਨ ਕਿ ਦੋ ਹਜ਼ਾਰ ਤੋਂ ਵੱਧ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਤਾਂ ਫਿਰ ਕਾਤਲਾਂ ਦੇ ਨਾਮ ਕਿੱਥੇ ਹਨ? ਉਨ੍ਹਾਂ ਨੂੰ ਗਿਣਤੀ ਪਤਾ ਹੈ, ਪਰ ਉਹ ਨਾਮ ਲੁਕਾ ਰਹੇ ਹਨ।" ਉਹ ਲਿਖਦੇ ਹਨ ਕਿ ਰਾਜੀਵ ਗਾਂਧੀ "could not in any way have authorised those heinous act"। ਉਨ੍ਹਾਂ ਕਿਹਾ, "ਇੱਕ ਵਾਕ ਅਤੇ ਪਤੀ ਬਰੀ ਹੋ ਗਿਆ। ਇਹ ਯਾਦਾਂ ਦੀ ਕਿਤਾਬ ਨਹੀਂ, ਸਗੋਂ ਕਿਤਾਬ ਦੇ ਰੂਪ ਵਿੱਚ ਦਿੱਤੀ ਗਈ ਕਲੀਨ ਚਿੱਟ ਹੈ।"

ਕਿਤਾਬ ਵਿੱਚ ਕਿਹਾ ਗਿਆ ਹੈ ਕਿ ਕੁਝ ਮਾਮਲੇ "led to the arrest of Congress workers, of whom one is still serving his sentence." ਉਨ੍ਹਾਂ ਕਿਹਾ, "Congress workers? ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਸਿਰਫ਼ ਵਰਕਰ ਨਹੀਂ ਸਨ। ਫਿਰ ਵੀ 544 ਪੰਨਿਆਂ ਦੀ ਇਸ ਕਿਤਾਬ ਵਿੱਚ ਉਨ੍ਹਾਂ ਦਾ ਨਾਮ ਇੱਕ ਵਾਰ ਵੀ ਨਹੀਂ ਆਉਂਦਾ। ਆਖ਼ਰ ਕਿਸ ਨੂੰ ਬਚਾਇਆ ਜਾ ਰਿਹਾ ਹੈ?"

ਉਹ 1984 ਨੂੰ "ਸਾਡੇ ਦੇਸ਼ ਦੇ ਇਤਿਹਾਸ ਦਾ ਇੱਕ ਦੁਖਦਾਈ ਅਤੇ ਸ਼ਰਮਨਾਕ ਅਧਿਆਇ" ਕਹਿੰਦੇ ਹਨ। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਸ਼ਰਮਨਾਕ ਸ਼ਬਦ ਤਾਂ ਮਿਲ ਗਿਆ, ਪਰ ਮੁਆਫ਼ੀ ਮੰਗਣ ਲਈ Sorry ਸ਼ਬਦ ਨਹੀਂ ਮਿਲਿਆ। ਪੂਰੇ ਅਧਿਆਇ ਵਿੱਚ ਉਨ੍ਹਾਂ ਵੱਲੋਂ ਮੁਆਫ਼ੀ ਦਾ ਇੱਕ ਵੀ ਸ਼ਬਦ ਨਹੀਂ ਹੈ।"

ਉਹ ਲਿਖਦੇ ਹਨ ਕਿ ਪੰਜਾਬ ਦੇ ਸਿੱਖਾਂ ਨੇ ਇਸ ਦੁਖਾਂਤ ਤੋਂ ਬਾਅਦ ਕਈ ਵਾਰ ਕਾਂਗਰਸ ਨੂੰ ਸੱਤਾ ਵਿੱਚ ਵਾਪਸ ਲਿਆਂਦਾ। ਉਨ੍ਹਾਂ ਕਿਹਾ, "ਉਨ੍ਹਾਂ ਨੇ ਸਿੱਖਾਂ ਦੀਆਂ ਵੋਟਾਂ ਨੂੰ ਬੇਗੁਨਾਹੀ ਦਾ ਸਰਟੀਫਿਕੇਟ ਬਣਾ ਦਿੱਤਾ ਹੈ। ਵੋਟ ਦਾ ਮਤਲਬ ਮੁਆਫ਼ੀ ਨਹੀਂ ਹੁੰਦਾ। ਸਿੱਖਾਂ ਦੇ ਖੂਨ ਦਾ ਹਿਸਾਬ ਵੋਟਾਂ ਦੀ ਪੇਟੀ ਵਿੱਚ ਨਹੀਂ ਚੁਕਾਇਆ ਜਾ ਸਕਦਾ।"

ਆਪਰੇਸ਼ਨ ਬਲੂ ਸਟਾਰ ਬਾਰੇ ਉਹ ਲਿਖਦੇ ਹਨ ਕਿ ਸਿੱਖ ਕੌਮ ਲਈ ਇਹ "nothing less than sacrilege" ਸੀ। ਇਸੇ ਸਾਹ ਵਿੱਚ ਉਹ ਇੰਦਰਾ ਗਾਂਧੀ ਦੇ ਚਿਹਰੇ ਨੂੰ "wet with tears, tears of pain and regret, I think" ਵਜੋਂ ਬਿਆਨ ਕਰਦੇ ਹਨ। ਉਨ੍ਹਾਂ ਕਿਹਾ, "ਉਹ ਮੰਨਦੇ ਹਨ ਕਿ ਇਹ ਬੇਅਦਬੀ ਸੀ, ਫਿਰ ਵੀ ਕੋਈ ਮੁਆਫ਼ੀ ਨਹੀਂ। ਪਛਤਾਵਾ ਵੀ 'ਮੇਰਾ ਖ਼ਿਆਲ ਹੈ' ਨਾਲ ਆਉਂਦਾ ਹੈ। ਪਛਤਾਵਾ ਡਰਾਇੰਗ ਰੂਮ ਤੱਕ ਹੀ ਸੀਮਤ ਰਿਹਾ ਅਤੇ ਟੈਂਕ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਗਏ।"

ਬਾਬਰੀ ਢਾਂਚਾ ਢਾਹੇ ਜਾਣ ਬਾਰੇ ਉਹ 'ਦੁਖਦਾਈ' ਸ਼ਬਦ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ, "ਇੱਕ ਢਾਂਚੇ ਲਈ ਉਨ੍ਹਾਂ ਕੋਲ ਦੁਖਦਾਈ ਸ਼ਬਦ ਹੈ। ਸਿੱਖਾਂ ਦੇ ਕਤਲੇਆਮ ਲਈ ਉਨ੍ਹਾਂ ਦੇ ਹੰਝੂ ਸੁੱਕ ਗਏ ਸਨ। ਇਹ ਸਭ ਕੁਝ ਬਿਆਨ ਕਰਨ ਲਈ ਕਾਫ਼ੀ ਹੈ।"

ਮੰਤਰੀ ਸਿਰਸਾ ਨੇ ਕਿਹਾ ਕਿ ਸੋਨੀਆ ਗਾਂਧੀ ਖ਼ੁਦ ਜਾਂਚ ਕਮਿਸ਼ਨਾਂ ਦਾ ਜ਼ਿਕਰ ਕੀਤਾ ਹੈ, ਇਸ ਲਈ ਉਹ ਉਨ੍ਹਾਂ ਦੀਆਂ ਰਿਪੋਰਟਾਂ ਵਿੱਚ ਸਾਹਮਣੇ ਆਏ ਤੱਥਾਂ ਤੋਂ ਬਚ ਨਹੀਂ ਸਕਦੀ।

ਦਿੱਲੀ ਪੁਲਿਸ ਦੀ ਜਾਂਚ ਲਈ ਬਣਾਈ ਗਈ ਮਰਵਾਹ ਜਾਂਚ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਤੋਂ ਬਾਅਦ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ। ਆਹੂਜਾ ਕਮੇਟੀ ਨੇ ਦਿੱਲੀ ਵਿੱਚ 2,733 ਮੌਤਾਂ ਦਰਜ ਕੀਤੀਆਂ, ਜਦਕਿ ਪੂਰੇ ਦੇਸ਼ ਵਿੱਚ ਇਹ ਗਿਣਤੀ 3,325 ਸੀ। ਕਪੂਰ-ਮਿੱਤਲ ਕਮੇਟੀ ਨੇ 72 ਪੁਲਿਸ ਅਧਿਕਾਰੀਆਂ ਦੀ ਪਛਾਣ ਕੀਤੀ। ਜੈਨ-ਬੈਨਰਜੀ ਕਮੇਟੀ ਨੇ ਸੱਜਣ ਕੁਮਾਰ ਅਤੇ ਬ੍ਰਹਮਾਨੰਦ ਗੁਪਤਾ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਜੈਨ-ਅਗਰਵਾਲ ਕਮੇਟੀ ਨੇ ਪਹਿਲਾਂ ਦੇ 669 ਹਲਫ਼ਨਾਮਿਆਂ, 415 ਨਵੇਂ ਹਲਫ਼ਨਾਮਿਆਂ ਅਤੇ 403 FIRs ਦੀ ਜਾਂਚ ਕੀਤੀ। ਇਸ ਨੇ ਪੁਲਿਸ ਦੀ ਜਾਂਚ ਨੂੰ ਉਪਰੋ-ਉਪਰਲੀ ਅਤੇ ਖਾਮੀਆਂ ਭਰੀ ਕਰਾਰ ਦਿੱਤਾ। ਇਸ ਨੇ ਐੱਚ.ਕੇ.ਐੱਲ. ਭਗਤ, ਸੱਜਣ ਕੁਮਾਰ, ਧਰਮਦਾਸ ਸ਼ਾਸਤਰੀ ਅਤੇ ਜਗਦੀਸ਼ ਟਾਈਟਲਰ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਨਰੂਲਾ ਕਮੇਟੀ ਨੇ ਭਗਤ, ਸੱਜਣ ਕੁਮਾਰ ਅਤੇ ਟਾਈਟਲਰ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ।

ਨਾਨਾਵਤੀ ਕਮਿਸ਼ਨ ਨੇ ਕਿਹਾ ਕਿ ਜਗਦੀਸ਼ ਟਾਈਟਲਰ ਦੀ ਹਮਲਿਆਂ ਨੂੰ ਸੰਗਠਿਤ ਕਰਨ ਵਿੱਚ "ਬਹੁਤ ਸੰਭਾਵਨਾ ਹੈ ਕਿ ਭੂਮਿਕਾ ਰਹੀ ਹੋਵੇ" ਅਤੇ ਕਮਿਸ਼ਨ ਨੇ ਸੱਜਣ ਕੁਮਾਰ ਵਿਰੁੱਧ ਭਰੋਸੇਯੋਗ ਸਮੱਗਰੀ ਦੀ ਜਾਂਚ ਕੀਤੀ। ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਫਰਵਰੀ 2025 ਵਿੱਚ 1984 ਦੇ ਇੱਕ ਹੋਰ ਮਾਮਲੇ ਵਿੱਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਮੰਤਰੀ ਸਿਰਸਾ ਨੇ ਕਿਹਾ, "ਮੌਤਾਂ ਦੀ ਗਿਣਤੀ ਲਿਖਣਾ ਸੌਖਾ ਹੈ। ਨਾਂਅ ਲਿਖਣਾ ਉਦੋਂ ਮੁਸ਼ਕਲ ਹੋ ਜਾਂਦਾ ਹੈ, ਜਦੋਂ ਉਹ ਤੁਹਾਡੀ ਆਪਣੀ ਪਾਰਟੀ ਦੇ ਲੋਕਾਂ ਦੇ ਹੋਣ। ਇੱਕ ਲਾਈਨ ਦੀ ਕਲੀਨ ਚਿੱਟ ਮਰਵਾਹ ਜਾਂਚ, ਮਿਸ਼ਰਾ ਕਮਿਸ਼ਨ, ਕਪੂਰ-ਮਿੱਤਲ, ਜੈਨ-ਅਗਰਵਾਲ ਅਤੇ ਨਾਨਾਵਤੀ ਕਮਿਸ਼ਨ ਨੂੰ ਮਿਟਾ ਨਹੀਂ ਸਕਦੀ। ਉਸ ਸਮੇਂ ਪ੍ਰਧਾਨ ਮੰਤਰੀ ਕੌਣ ਸੀ? ਸਰਕਾਰ ਕਿਸ ਦੀ ਸੀ?"

ਉਨ੍ਹਾਂ ਨੇ 19 ਨਵੰਬਰ 1984 ਨੂੰ ਰਾਜੀਵ ਗਾਂਧੀ ਵੱਲੋਂ ਕਹੇ ਗਏ ਸ਼ਬਦ ਯਾਦ ਕਰਵਾਏ, "ਜਬ ਏਕ ਬੜਾ ਪੇੜ ਗਿਰਤਾ ਹੈ, ਤੋ ਧਰਤੀ ਹਿਲਤੀ ਹੈ।" ਉਨ੍ਹਾਂ ਕਿਹਾ, "ਜਿਸ ਵਿਅਕਤੀ ਨੇ ਇਹ ਸ਼ਬਦ ਕਹੇ ਸਨ, ਅੱਜ ਉਸ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਸਿੱਖ ਕੌਮ ਉਹ ਸ਼ਬਦ ਨਹੀਂ ਭੁੱਲੀ।"

ਕਾਂਗਰਸ ਨੇ ਦਿੱਤੀ ਦੇਰੀ, ਅਸੀਂ ਦਿੱਤੀਆਂ ਨੌਕਰੀਆਂ

ਮੰਤਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਕੋਲ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਨ ਲਈ ਕਈ ਦਹਾਕੇ ਸਨ, ਪਰ ਉਨ੍ਹਾਂ ਨੂੰ ਸਿਰਫ਼ ਐਲਾਨ ਹੀ ਮਿਲੇ। ਯੂ.ਪੀ.ਏ. ਸਰਕਾਰ ਨੇ 2006 ਵਿੱਚ 714.76 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ, ਪਰ ਜਿਨ੍ਹਾਂ ਪਰਿਵਾਰਾਂ ਨੇ ਆਪਣਾ ਇਕਲੌਤਾ ਕਮਾਉਣ ਵਾਲਾ ਗੁਆ ਲਿਆ ਸੀ, ਉਹ ਨੌਕਰੀਆਂ ਅਤੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਉਡੀਕ ਕਰਦੇ ਰਹੇ।

ਉਨ੍ਹਾਂ ਕਿਹਾ, "ਸਾਡੀ ਸਰਕਾਰ ਨੇ ਉਹ ਕੰਮ ਕੀਤਾ ਜੋ ਕਾਂਗਰਸ ਕਦੇ ਨਹੀਂ ਕਰ ਸਕੀ। ਮੋਦੀ ਸਰਕਾਰ ਦੇ ਅਧੀਨ 16 ਦਸੰਬਰ 2014 ਨੂੰ ਹਰ ਮ੍ਰਿਤਕ ਪੀੜਤ ਦੇ ਵਾਰਸਾਂ ਲਈ 5 ਲੱਖ ਰੁਪਏ ਦੀ ਵਾਧੂ ਰਾਸ਼ੀ ਮਨਜ਼ੂਰ ਕੀਤੀ ਗਈ। ਦਿੱਲੀ ਵਿੱਚ ਸਾਡੀ ਭਾਜਪਾ ਸਰਕਾਰ ਨੇ ਨੌਕਰੀਆਂ ਦਿੱਤੀਆਂ। ਅਸੀਂ 2025 ਵਿੱਚ 19 ਨਿਯੁਕਤੀ ਪੱਤਰ ਸੌਂਪੇ ਅਤੇ ਦਸੰਬਰ 2025 ਵਿੱਚ 36 ਹੋਰ ਨਿਯੁਕਤੀ ਪੱਤਰ ਦਿੱਤੇ। ਇਸ ਤਰ੍ਹਾਂ 1984 ਦੇ ਪੀੜਤਾਂ ਦੇ 55 ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਅਸੀਂ ਉਮਰ ਅਤੇ ਯੋਗਤਾ ਦੇ ਨਿਯਮਾਂ ਵਿੱਚ ਛੋਟ ਦਿੱਤੀ ਤਾਂ ਜੋ ਕੋਈ ਵੀ ਯੋਗ ਪਰਿਵਾਰ ਇਸ ਲਾਭ ਤੋਂ ਵਾਂਝਾ ਨਾ ਰਹੇ। ਕਾਂਗਰਸ ਨੇ ਕਿਤਾਬਾਂ ਲਿਖੀਆਂ, ਅਸੀਂ ਨੌਕਰੀਆਂ ਦਿੱਤੀਆਂ।"

ਸੋਨੀਆ ਗਾਂਧੀ ਨੂੰ ਇਨ੍ਹਾਂ ਪੰਜ ਸਵਾਲਾਂ ਦਾ ਜਵਾਬ ਦੇਣਾ ਪਵੇਗਾ 

  • ਜਦੋਂ ਜੈਨ-ਬੈਨਰਜੀ, ਜੈਨ-ਅਗਰਵਾਲ ਅਤੇ ਨਾਨਾਵਤੀ ਕਮਿਸ਼ਨਾਂ ਨੇ ਕਾਂਗਰਸੀ ਆਗੂਆਂ ਦੇ ਨਾਮ ਲਏ ਸਨ, ਤਾਂ ਕਾਂਗਰਸ ਨੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਉਨ੍ਹਾਂ ਨੂੰ ਇਨਾਮ ਕਿਉਂ ਦਿੱਤੇ?
  • ਤੁਸੀਂ ਕਦੇ ਵੀ 1984 ਦੇ ਸਿੱਖ ਪੀੜਤਾਂ ਦੇ ਪਰਿਵਾਰਾਂ ਕੋਲ ਜਾ ਕੇ, ਬੈਠ ਕੇ ਉਨ੍ਹਾਂ ਦੇ ਦੁੱਖ ਸੁਣਨ ਲਈ ਕਿਉਂ ਨਹੀਂ ਗਏ?
  • ਜਿਨਾਂ ਪਰਿਵਾਰਾਂ ਨੇ ਆਪਣਾ ਕਮਾਉਣ ਵਾਲਾ ਗੁਆ ਲਿਆ, ਉਨ੍ਹਾਂ ਨੂੰ ਨੌਕਰੀ ਅਤੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਉਡੀਕ ਕਿਉਂ ਕਰਨੀ ਪਈ?
  • ਤੁਸੀਂ 1984 ਨੂੰ ਸ਼ਰਮਨਾਕ ਕਹਿੰਦੇ ਹੋ। ਕੀ ਤੁਸੀਂ ਅਤੇ ਰਾਹੁਲ ਗਾਂਧੀ ਸਿੱਖ ਕੌਮ ਤੋਂ ਬਿਨਾਂ ਕਿਸੇ ਸ਼ਰਤ ਮੁਆਫ਼ੀ ਮੰਗੋਗੇ?
  • ਮਨੁੱਖੀ ਅਧਿਕਾਰਾਂ ਲਈ ਉੱਠਣ ਵਾਲੀ ਰਾਹੁਲ ਗਾਂਧੀ ਦੀ ਆਵਾਜ਼ 1984 ਦੇ ਸਿੱਖਾਂ ਬਾਰੇ ਖਾਮੋਸ਼ ਕਿਉਂ ਹੋ ਜਾਂਦੀ ਹੈ?

ਮੰਤਰੀ ਸਿਰਸਾ ਨੇ ਕਿਹਾ, "ਸੋਨੀਆ ਗਾਂਧੀ ਨੇ ਆਪਣੇ ਪਰਿਵਾਰ ਦੇ ਅਕਸ ਨੂੰ ਸਾਫ਼ ਕਰਨ ਲਈ 544 ਪੰਨੇ ਲਿਖ ਦਿੱਤੇ, ਪਰ ਉਹ ਅਜੇ ਵੀ 1984 ਦੇ ਪੀੜਤ ਪਰਿਵਾਰਾਂ ਨੂੰ ਜਵਾਬ ਨਹੀਂ ਦੇ ਸਕੇ। ਸਿੱਖ ਕੌਮ ਨੂੰ ਹਮਦਰਦੀ ਨਹੀਂ ਚਾਹੀਦੀ। ਉਸ ਨੂੰ ਸੱਚ, ਜਵਾਬਦੇਹੀ ਅਤੇ ਇਨਸਾਫ਼ ਚਾਹੀਦਾ ਹੈ। ਕਿਤਾਬ ਲਿਖਣ ਨਾਲ ਇਤਿਹਾਸ ਨਹੀਂ ਬਦਲਦਾ। ਹੰਝੂਆਂ ਦਾ ਜ਼ਿਕਰ ਕਰਨ ਨਾਲ ਜ਼ਿੰਮੇਵਾਰੀ ਤੋਂ ਬਚਿਆ ਨਹੀਂ ਜਾ ਸਕਦਾ। ਅਤੇ 1984 ਨੂੰ ਸ਼ਰਮਨਾਕ ਅਧਿਆਇ ਕਹਿ ਦੇਣ ਨਾਲ 1984 ਦਾ ਹਿਸਾਬ ਬੰਦ ਨਹੀਂ ਹੋ ਜਾਂਦਾ।"

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK