Mansa News : ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ 'ਚ ਮੀਂਹ ਕਾਰਨ ਡਿੱਗੀ ਘਰ ਛੱਤ, ਚਾਚੇ -ਭਤੀਜੇ ਦੀ ਹੋਈ ਮੌਤ
Mansa News : ਮਾਨਸਾ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਚੈਨੇਵਾਲਾ 'ਚ ਇੱਕ ਘਰ ਦੀ ਛੱਤ ਡਿੱਗਣ ਕਾਰਨ 35 ਸਾਲਾਂ ਵਿਅਕਤੀ ਬਲਜੀਤ ਸਿੰਘ ਅਤੇ ਉਸ ਦੇ 7 ਸਾਲਾਂ ਭਤੀਜੇ ਗੁਰਜੋਤ ਸਿੰਘ ਦੀ ਮੌਤ ਹੋ ਗਈ ਹੈ। ਜਦੋਂ ਕਿ ਇਸ ਹਾਦਸੇ ਦੇ ਵਿੱਚ 3 ਸਾਲਾਂ ਬੱਚੀ ਬਾਲ- ਬਾਲ ਬਚ ਗਈ ਹੈ। ਪੀੜਿਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਵਿਧਾਇਕ ਨੇ ਮੌਕੇ ਦਾ ਜਾਇਜ਼ਾ ਲੈ ਕੇ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਦੇਰ ਰਾਤ ਬਾਰਿਸ਼ ਦੇ ਦੌਰਾਨ ਪਰਿਵਾਰ ਘਰ ਦੇ ਵਿੱਚ ਸੁੱਤਾ ਹੋਇਆ ਸੀ ਅਤੇ ਇਹ ਤਿੰਨੋਂ ਇੱਕ ਕਮਰੇ ਵਿੱਚ ਟੀਵੀ ਦੇਖਦੇ ਹੋਏ ਸੌਂ ਗਏ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ ਤਿੰਨੋਂ ਮਲਬੇ ਹੇਠ ਦੱਬ ਗਏ ਅਤੇ ਇਸ ਮਲਬੇ ਹੇਠ ਦਬਣ ਕਾਰਨ ਬਲਜੀਤ ਸਿੰਘ ਅਤੇ ਬੱਚੇ ਗੁਰਜੋਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿੱਚ ਛੋਟੀ ਬੱਚੀ ਬਚ ਗਈ ਹੈ।
ਪੀੜਿਤ ਪਰਿਵਾਰ ਨੇ ਆਰੋਪ ਲਾਇਆ ਕਿ ਪਹਿਲਾਂ ਵੀ ਉਹਨਾਂ ਦੇ ਘਰ ਦੀ ਹਾਲਤ ਖਸਤਾ ਹੋਣ ਸਬੰਧੀ ਸਰਕਾਰ ਦੇ ਕੋਲ ਹਾਲਤ ਸੁਧਾਰਨ ਦੇ ਲਈ ਗੁਹਾਰ ਲਗਾਈ ਸੀ ਪਰ ਕਿਸੇ ਨੇ ਕੋਈ ਵੀ ਸਾਰ ਨਹੀਂ ਲਈ। ਜਿਸ ਕਾਰਨ ਅੱਜ ਇਹ ਹਾਦਸਾ ਵਾਪਰ ਗਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ। ਘਟਨਾ ਸਥਾਨ 'ਤੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਰਦੂਲਗੜ੍ਹ ਦੇ ਵਿਧਾਇਕ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿੱਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ।
ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਮਦਦ ਕੀਤੀ ਜਾਵੇਗੀ। ਇਸ ਦੌਰਾਨ ਉਨਾਂ ਇਲਾਕੇ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਬਾਰਿਸ਼ਾਂ ਵਿੱਚ ਜੇਕਰ ਕਿਸੇ ਪਰਿਵਾਰ ਦੇ ਘਰ ਦੀ ਹਾਲਤ ਖਸਤਾ ਹੈ ਤਾਂ ਉਹਨਾਂ ਨੂੰ ਧਰਮਸ਼ਾਲਾ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਜਾਵੇ। ਇਸ ਦੌਰਾਨ ਤਹਿਸੀਲਦਾਰ ਸਰਦੂਲਗੜ੍ਹ ਨੇ ਕਿਹਾ ਕਿ ਉਹਨਾਂ ਵੱਲੋਂ ਰਿਪੋਰਟ ਬਣਾ ਲਈ ਗਈ ਹੈ ਅਤੇ ਇਸ ਸਬੰਧੀ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
- PTC NEWS