Barnala News : ਪਿੰਡ ਢਿਲਵਾਂ 'ਚ ਪ੍ਰਵਾਸੀ ਮਜ਼ਦੂਰਾਂ ਨੇ 5000 ਰੁਪਏ ਲਈ ਆਪਣੇ ਸਾਥੀ ਪ੍ਰਵਾਸੀ ਮਜ਼ਦੂਰ ਦਾ ਗਲਾ ਘੁੱਟ ਕੇ ਕੀਤਾ ਕਤਲ
Barnala News : ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਪਿੰਡ ਢਿਲਵਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਸਾਥੀ ਪ੍ਰਵਾਸੀ ਮਜ਼ਦੂਰ ਦਾ ਕੱਪੜੇ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਤਪਾ ਡਰੇਨ ਨੇੜੇ ਝਾੜੀਆਂ ਵਿੱਚ ਮਿੱਟੀ ਵਿੱਚ ਦੱਬ ਦਿੱਤੀ ਗਈ ਸੀ। ਮ੍ਰਿਤਕ ਦੀ ਪਛਾਣ 27 ਸਾਲਾ ਅਕਸ਼ੈ ਕੁਮਾਰ ਉਰਫ਼ ਸ਼ੰਕਰ ਵਾਸੀ ਸਿਲਾਨਾਥ ਰਿਪੋਲੀ, ਜ਼ਿਲ੍ਹਾ ਪੂਰਨੀਆ, ਬਿਹਾਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ 5000 ਰੁਪਏ ਲਈ ਕੱਪੜੇ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਅਕਸ਼ੈ ਕੁਮਾਰ ਉਰਫ਼ ਸ਼ੰਕਰ ਤਿੰਨ ਮਾਸੂਮ ਧੀਆਂ ਦਾ ਪਿਤਾ ਸੀ ਅਤੇ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ ਹੈ। ਤਪਾ ਪੁਲਿਸ ਨੇ ਕਤਲ ਕਰਨ ਵਾਲੇ 11 ਪ੍ਰਵਾਸੀ ਮਜ਼ਦੂਰਾਂ ਵਿਰੁੱਧ ਗੰਭੀਰ ਅਪਰਾਧ ਤਹਿਤ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੀ ਪਤਨੀ ਸੰਗੀਤਾ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਤਪਾ ਪੁਲਿਸ ਨੇ ਕਤਲ ਦੇ ਦੋਸ਼ਾਂ ਤਹਿਤ ਤਪਾ ਮੰਡੀ ਥਾਣੇ ਵਿੱਚ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ 2 ਆਰੋਪੀਆਂ ਦੀ ਪਛਾਣ ਕਰਨ ਤੋਂ ਬਾਅਦ ਪ੍ਰਸ਼ਾਸਨ ਮ੍ਰਿਤਕ ਦੀ ਲਾਸ਼ ਦੀ ਭਾਲ ਕਰ ਰਿਹਾ ਹੈ। ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਮ੍ਰਿਤਕ ਦੀ ਲਾਸ਼ ਨਹੀਂ ਮਿਲੀ। ਪੁਲਿਸ, ਸਿਵਲ, ਸਿਹਤ ਵਿਭਾਗ ਸਮੇਤ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ।
- PTC NEWS