ਵਿਦੇਸ਼ ਮੰਤਰਾਲੇ ਨੇ CM ਮਾਨ ਦੇ ਬਿਆਨ ਨੂੰ ਦੱਸਿਆ 'ਗ਼ੈਰ-ਜ਼ਿੰਮੇਵਾਰਾਨਾ'', ਮੁੱਖ ਮੰਤਰੀ ਨੇ PM ਮੋਦੀ ਦੇ ਵਿਦੇਸ਼ ਦੌਰੇ ਦਾ ਉਡਾਇਆ ਸੀ ਮਜ਼ਾਕ
CM Mann Controversy Over PM Modi Foreign Visit : ਵੀਰਵਾਰ ਨੂੰ, ਵਿਦੇਸ਼ ਮੰਤਰਾਲੇ (MEA) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਦੇਸ਼ਾਂ ਦੇ ਵਿਦੇਸ਼ ਦੌਰੇ ਦਾ ਮਜ਼ਾਕ ਉਡਾਇਆ ਸੀ। ਮੰਤਰਾਲੇ ਨੇ ਇਸਨੂੰ "ਗੈਰ-ਜ਼ਿੰਮੇਵਾਰਾਨਾ ਅਤੇ ਮੰਦਭਾਗਾ" ਕਰਾਰ ਦਿੱਤਾ।
MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ, "ਅਸੀਂ ਇੱਕ ਉੱਚ-ਦਰਜੇ ਦੇ ਰਾਜ ਅਧਿਕਾਰੀ ਵੱਲੋਂ ਭਾਰਤ ਦੇ ਦੋਸਤਾਨਾ ਦੇਸ਼ਾਂ, ਖਾਸ ਕਰਕੇ ਗਲੋਬਲ ਸਾਊਥ ਨਾਲ ਸਬੰਧਤ ਦੇਸ਼ਾਂ ਬਾਰੇ ਕੀਤੀਆਂ ਟਿੱਪਣੀਆਂ ਦੇਖੀਆਂ ਹਨ। ਇਹ ਬਿਆਨ ਨਾ ਤਾਂ ਜ਼ਿੰਮੇਵਾਰ ਹਨ ਅਤੇ ਨਾ ਹੀ ਕਿਸੇ ਰਾਜ ਅਧਿਕਾਰੀ ਦੇ ਢੁਕਵੇਂ ਹਨ।"
ਹਾਲ ਹੀ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਵਿਦੇਸ਼ੀ ਦੌਰਿਆਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਦਾ ਦੌਰਾ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਖਾਸ ਮਹੱਤਵ ਨਹੀਂ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਦੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਦੌਰੇ ਤੋਂ ਬਾਅਦ ਆਇਆ ਹੈ।
ਪ੍ਰਧਾਨ ਮੰਤਰੀ ਮੋਦੀ 'ਤੇ ਸੀਐਮ ਮਾਨ ਨੇ ਕੱਸਿਆ ਸੀ ਇਹ ਤੰਜ ?
"ਪ੍ਰਧਾਨ ਮੰਤਰੀ ਕਿਤੇ ਚਲੇ ਗਏ ਹਨ। ਲੱਗਦਾ ਹੈ ਕਿ ਉਹ ਘਾਨਾ ਗਏ ਹਨ। ਉਹ ਵਾਪਸ ਆਉਣਗੇ ਅਤੇ ਸਵਾਗਤ ਕਰਨਗੇ। ਰੱਬ ਜਾਣਦਾ ਹੈ ਕਿ ਉਹ ਕਿਹੜੇ ਦੇਸ਼ਾਂ ਦਾ ਦੌਰਾ ਕਰਦੇ ਰਹਿੰਦੇ ਹਨ - 'ਮੈਗਨੇਸ਼ੀਆ', 'ਗਲਵਾਸੀਆ', 'ਤਰਵੇਸ਼ੀਆ'!" ਇਹ ਨਾਂਅ ਮਜ਼ਾਕ ਉਡਾਉਣ ਲਈ ਘੜੇ ਗਏ ਹਨ।''
ਉਨ੍ਹਾਂ ਅੱਗੇ ਕਿਹਾ ਸੀ, "ਉਹ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਨਹੀਂ ਰਹਿ ਸਕਦਾ। ਪਰ ਉਹ 10,000 ਦੀ ਆਬਾਦੀ ਵਾਲੇ ਦੇਸ਼ਾਂ ਵਿੱਚ ਜਾ ਰਿਹਾ ਹੈ ਅਤੇ 'ਸਭ ਤੋਂ ਵੱਡਾ ਸਨਮਾਨ' ਲੈ ਰਿਹਾ ਹੈ। ਇੱਥੇ, 10,000 ਲੋਕ ਇੱਕ JCB ਦੇਖਣ ਲਈ ਇਕੱਠੇ ਹੁੰਦੇ ਹਨ... ਉਹ ਕੀ ਕਰ ਰਿਹਾ ਹੈ?"
ਵਿਦੇਸ਼ ਮੰਤਰਾਲੇ ਨੇ ਇਸ ਬਿਆਨ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਇਸਨੂੰ ਭਾਰਤ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਮਲੇ ਵਿੱਚ ਅਣਉਚਿਤ ਕਿਹਾ ਹੈ।
- PTC NEWS