ਗਾਇਬ ਪੁਲਿਸ ਹਥਿਆਰਾਂ ਨਾਲ ਹੋ ਰਹੀਆਂ ਵਾਰਦਾਤਾਂ; ਉੱਚ ਅਦਾਲਤ ਨੇ ਅਖ਼ਤਿਆਰ ਕੀਤਾ ਸਖ਼ਤ ਰੁਖ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਦੇ ਮਾਲ ਖਾਨਿਆਂ 'ਚੋਂ ਗਾਇਬ ਹਥਿਆਰਾਂ 'ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉੱਚ ਅਦਾਲਤ ਨੇ ਕਿਹਾ ਕਿ ਚਾਰ ਮਹੀਨਿਆਂ ਦੇ ਅੰਦਰ ਸੂਬੇ ਦੇ ਐੱਸ.ਐੱਸ.ਪੀ ਦੱਸਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿੰਨੇ ਹਥਿਆਰ ਗਾਇਬ ਹੋਏ ਹਨ ਅਤੇ ਉਨ੍ਹਾਂ ਦੀ ਬਰਾਮਦਗੀ ਲਈ ਕੀ ਕੀਤਾ ਜਾ ਰਿਹਾ ਹੈ।
ਹਾਈ ਕੋਰਟ ਨੇ ਕਿਹਾ ਕਿ ਜੇਕਰ ਸੂਚਨਾ ਨਾ ਦਿੱਤੀ ਗਈ ਤਾਂ ਸਬੰਧਤ ਐੱਸ.ਐੱਸ.ਪੀ ਨੂੰ ਹਾਈ ਕੋਰਟ ਵਿੱਚ ਪੇਸ਼ ਹੋ ਕੇ ਜਾਣਕਾਰੀ ਦੇਣੀ ਪਵੇਗੀ। ਉੱਚ ਅਦਾਲਤ ਨੇ ਇਹ ਹੁਕਮ 2014 ਤੋਂ ਲਟਕਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਤਾ ਹੈ।
ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਐੱਸ.ਆਈ.ਟੀ ਸਬੰਧਤ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼ ਤੋਂ ਗਾਇਬ ਹੋਏ ਹਥਿਆਰਾਂ ਬਾਰੇ ਜਾਣਕਾਰੀ ਮੰਗ ਰਹੀ ਹੈ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਇਸ ਦਿਸ਼ਾ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ।
ਇਸ 'ਤੇ ਸਰਕਾਰ ਦੀ ਬੇਨਤੀ 'ਤੇ ਹਾਈ ਕੋਰਟ ਨੇ ਸਰਕਾਰ ਨੂੰ ਸੂਬੇ ਦੇ ਪੁਲਿਸ ਮਾਲ ਖਾਨਿਆਂ 'ਚੋਂ ਬਾਕੀ ਗੁੰਮ ਹੋਏ ਹਥਿਆਰਾਂ ਦੀ ਜਾਣਕਾਰੀ ਪੇਸ਼ ਕਰਨ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਵੇਰਵੇ ਦੇਣ 'ਚ ਨਾਕਾਮ ਰਹੀ ਤਾਂ ਸਬੰਧਤ ਜ਼ਿਲ੍ਹਿਆਂ ਦੇ ਸਾਰੇ ਐੱਸ.ਐੱਸ.ਪੀ ਜਿਥੋਂ ਹਥਿਆਰ ਗਾਇਬ ਹੋਏ ਨੇ, ਉਨ੍ਹਾਂ ਨੂੰ ਉੱਚ ਅਦਾਲਤ ਵਿੱਚ ਪੇਸ਼ ਹੋ ਕੇ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ।
ਬਠਿੰਡਾ ਦੇ ਥਾਣਾ ਦਿਆਲਪੁਰਾ ਦੇ ਮਲਖਾਨਾ ਤੋਂ ਹਥਿਆਰਾਂ ਦੀ ਚੋਰੀ ਦੇ ਮਸ਼ਹੂਰ ਮਾਮਲੇ ਵਿੱਚ ਪੁਲਿਸ ਨੂੰ ਚੱਲ ਰਹੇ ਦਸੰਬਰ ਮਹੀਨੇ ਨੇ ਦੂਜੇ ਹਫ਼ਤੇ 'ਚ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤੇ ਗਏ 2 ਮੁਲਜ਼ਮਾਂ ਦੇ ਕਬਜ਼ੇ 'ਚੋਂ 2 ਅਸਾਲਟ ਰਾਈਫਲਾਂ, ਇੱਕ 315 ਬੋਰ ਦੀ ਬੰਦੂਕ ਅਤੇ ਕਾਰਤੂਸ ਬਰਾਮਦ ਕੀਤੇ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁਲਿਸ ਦੀ ਵਰਦੀ ਪਾ ਕੇ ਭੁੱਚੋ ਮੰਡੀ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਉਦੋਂ ਤੋਂ ਹੀ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਐੱਸ.ਐੱਸ.ਪੀ. ਹਰਮਨਬੀਰ ਸਿੰਘ ਨੇ ਦੱਸਿਆ ਸੀ ਕਿ ਪਿੰਡ ਭੁੱਚੋ ਕਾਂਡ ਵਿੱਚ ਕੁਝ ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਵਿਫਟ ਕਾਰ ਵਿੱਚ ਲੁੱਟ ਦੀ ਨੀਅਤ ਨਾਲ ਆਏ ਸਨ ਪਰ ਰੌਲਾ ਪੈਣ ’ਤੇ ਮੁਲਜ਼ਮ ਫ਼ਰਾਰ ਹੋ ਗਏ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਕਤ ਅਸਲਾ ਉਨ੍ਹਾਂ ਨੇ ਥਾਣਾ ਦਿਆਲਪੁਰਾ ਦੇ ਗੋਦਾਮ ਵਿੱਚੋਂ ਚੋਰੀ ਕੀਤਾ ਸੀ, ਜਿਸ ਦੀ ਵਰਤੋਂ ਉਹ ਅਪਰਾਧਿਕ ਵਾਰਦਾਤਾਂ ਕਰਨ ਲਈ ਕਰਦੇ ਸਨ।
-