Sachkhand Sri Harmandir Sahib ’ਚ ਲੱਗਿਆ ਆਧੁਨਿਕ ਸਾਊਂਡ ਸਿਸਟਮ, ਰੂਹਾਨੀ ਮਾਹੌਲ ਹੋਇਆ ਹੋਰ ਖੂਬਸੂਰਤ
Sachkhand Sri Harmandir Sahib News : ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਵੱਡੀ ਸਹੂਲਤ ਦੇ ਤੌਰ ‘ਤੇ ਨਵਾਂ ਅਧੁਨਿਕ ਸਾਊਂਡ ਸਿਸਟਮ ਲਗਾਇਆ ਗਿਆ ਹੈ। ਇਸ ਸਾਊਂਡ ਸਿਸਟਮ ਦੇ ਲੱਗਣ ਨਾਲ ਹੁਣ ਪਰਕਰਮਾ, ਲੰਗਰ ਹਾਲ ਅਤੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਗੁਰਬਾਣੀ ਦੀ ਆਵਾਜ਼ ਹੋਰ ਵੀ ਸਾਫ਼ ਅਤੇ ਉੱਚੀ ਸੁਣਾਈ ਦੇਵੇਗੀ।
ਇਸ ਪ੍ਰੋਜੈਕਟ ਤਹਿਤ ਕਰੀਬ 130 ਸਪੀਕਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹਰ ਇਕ ਯੂਨਿਟ ਅੰਦਰ ਲਗਭਗ 30 ਛੋਟੇ ਸਪੀਕਰ ਫਿੱਟ ਕੀਤੇ ਗਏ ਹਨ। ਇਹ ਸੇਵਾ ਯੂਕੇ ਦੇ ਇਕ ਪਰਿਵਾਰ ਵੱਲੋਂ ਭੇਂਟ ਕੀਤੀ ਗਈ ਹੈ, ਜਿਸਦੀ ਅਗਵਾਈ ਗੁਰਸੇਵਕ ਸਿੰਘ ਸ਼ੇਰਗਿੱਲ ਵੱਲੋਂ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਨਵੇਂ ਸਾਊਂਡ ਸਿਸਟਮ ਨਾਲ ਦਰਬਾਰ ਸਾਹਿਬ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਕੀਰਤਨ ਦੀ ਆਵਾਜ਼ ਹੁਣ ਹੋਰ ਵੀ ਰੂਹ ਨੂੰ ਛੂਹਣ ਵਾਲੀ ਹੋ ਗਈ ਹੈ ਅਤੇ ਸੰਗਤਾਂ ਗੁਰਬਾਣੀ ਨੂੰ ਨਾ ਸਿਰਫ਼ ਸੁਣ ਸਕਣਗੀਆਂ, ਸਗੋਂ ਆਪਣੇ ਵੱਲੋਂ ਵੀ ਉਚਾਰਣ ਕਰ ਸਕਣਗੀਆਂ।
ਐਸਜੀਸੀਪੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਪੁਰਾਣਾ ਸਾਊਂਡ ਸਿਸਟਮ ਠੀਕ ਕੰਮ ਕਰ ਰਿਹਾ ਸੀ, ਪਰ ਨਵੀਂ ਤਕਨੀਕ ਨਾਲ ਲੈਸ ਇਸ ਪ੍ਰਣਾਲੀ ਨੇ ਗੁਣਵੱਤਾ ਵਿੱਚ ਵੱਡਾ ਸੁਧਾਰ ਕੀਤਾ ਹੈ। ਇਸਦਾ ਪਹਿਲਾਂ ਟ੍ਰਾਈਲ ਵੀ ਕੀਤਾ ਗਿਆ ਅਤੇ ਅੱਜ ਇਸਦੀ ਸ਼ੁਰੂਆਤ ਵਿਸ਼ੇਸ਼ ਮੌਕੇ ‘ਤੇ ਕੀਤੀ ਗਈ। ਜਾਣਕਾਰੀ ਮੁਤਾਬਕ, ਗੁਰਸੇਵਕ ਸਿੰਘ ਸ਼ੇਰਗਿੱਲ ਦੀ ਟੀਮ ਦੇ ਦੋ ਮੈਂਬਰ ਇੱਥੇ ਹੀ ਰਹਿ ਕੇ ਸਾਊਂਡ ਸਿਸਟਮ ਨੂੰ ਆਪਰੇਟ ਕਰਨਗੇ ਅਤੇ ਨਾਲ ਹੀ ਸਥਾਨਕ ਸਟਾਫ਼ ਨੂੰ ਟ੍ਰੇਨਿੰਗ ਵੀ ਦੇਣਗੇ।
ਖ਼ਾਸ ਗੱਲ ਇਹ ਹੈ ਕਿ ਇਹ ਨਵਾਂ ਸਾਊਂਡ ਸਿਸਟਮ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਰਦਾਸ ਉਪਰੰਤ ਸ਼ੁਰੂ ਕੀਤਾ ਗਿਆ, ਜਿਸ ਨਾਲ ਇਸਦੀ ਮਹੱਤਤਾ ਹੋਰ ਵੀ ਵਧ ਗਈ ਹੈ। ਕੁੱਲ ਮਿਲਾ ਕੇ, ਨਵੇਂ ਸਾਊਂਡ ਸਿਸਟਮ ਨਾਲ ਹੁਣ ਦਰਬਾਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਹੋਰ ਵਧੀਆ ਅਤੇ ਰੂਹਾਨੀ ਅਨੁਭਵ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ : DM ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀਆਂ ਵਧੀਆਂ ਹੋਰ ਮੁਸ਼ਕਿਲਾਂ
- PTC NEWS