ਪੰਜਾਬ ਦੇ ਸਕੂਲਾਂ ਨੂੰ ਧਮਕੀ ਮਿਲਣ ਦਾ ਸਿਲਸਿਲਾ ਜਾਰੀ, ਹੁਣ ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਆਈ ਬੰਬ ਨਾਲ ਉਡਾਉਣ ਦੀ ਧਮਕੀ
Punjab School Bomb Threat News : ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹੇ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਹਾਸਿਲ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਵਾਈਵੀਐਸ ਸਕੂਲ, ਬਲੋਸੇਮ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਬਾਈਪੀਐਸ ਸਕੂਲ, ਪੋਡਰ ਸਕੂਲ, ਕੇਵੀ ਸਕੂਲ, ਡੀਪੀਐਸ ਸਕੂਲ ਸਣੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।
ਇਸ ਈਮੇਲ ਦੇ ਆਉਣ ਮਗਰੋਂ ਪਟਿਆਲਾ ਪੁਲਿਸ ਸੁਚੇਤ ਹੋ ਗਈ ਹੈ। ਨਾਲ ਹੀ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਨਾਲ ਹੀ ਮਾਪਿਆਂ ਨੂੰ ਸ਼ਾਂਤ ਰਹਿਣ ਦੀ ਗੱਲ ਆਖੀ ਗਈ ਹੈ।
ਈਮੇਲ ’ਚ ਕਿਹਾ ਗਿਆ ਹੈ ਕਿ ਪਟਿਆਲਾ ਸਕੂਲਾਂ ’ਚ 1 ਵਜਕੇ 11 ਮਿੰਟ ’ਤੇ ਧਮਾਕਾ ਕੀਤਾ ਜਾਵੇਗਾ। ਇਸ ਈਮੇਲ ’ਚ ਫਿਰੋਜ਼ਪੁਰ ਟ੍ਰੇਨ ਦਾ ਵੀ ਜ਼ਿਕਰ ਹੈ, ਜਿਸ ਨੂੰ 3 ਵਜ ਕੇ 11 ਮਿੰਟ ’ਤੇ ਉਡਾਇਆ ਜਾਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਕੋਈ ਵੀ ਸਕੂਲ ਨਾ ਜਾਓ ਅਤੇ ਬੱਸ ਦਾ ਵੀ ਇਸਤੇਮਾਲ ਨਾ ਕੀਤਾ ਜਾਵੇ। ਇਹ ਇੱਕ ਆਤਮਘਾਤੀ ਹਮਲਾ ਹੋਵੇਗਾ।
ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਸਣੇ ਚੰਡੀਗੜ੍ਹ ਦੇ ਸਕੂਲਾਂ ਨੂੰਧਮਕੀ ਹਾਸਿਲ ਹੋਈ ਹੈ। ਪੰਜਾਬ ਦੇ ਕੋਰਟ ਕੰਪਲੈਕਸਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਹੈ।
- PTC NEWS