Actress Tania ਦੇ ਪਿਤਾ ਨੂੰ ਗੋਲੀਆਂ ਮਾਰਨ ਵਾਲੇ ਆਰੋਪੀ ਨੂੰ ਆਪਣੇ ਘਰ ਪਨਾਹ ਦੇਣ ਵਾਲੀ ਮਹਿਲਾ ਕਾਬੂ, ਮੁਕੱਦਮਾ ਦਰਜ
Actress Tania : ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ਼ 'ਤੇ ਹਮਲਾ ਕਰਨ ਦੇ ਮਾਮਲੇ 'ਚ ਮੋਗਾ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਵਾਸੀ ਸੌਢਾ ਥਾਣਾ ਸਰਹਿੰਦ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ। ਪਵਨਦੀਪ ਕੌਰ 'ਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਗਰੁੱਪ ਹਰੀਕੇ ਦੇ ਕਾਰਕੁੰਨ ਨੂੰ ਵਾਰਦਾਤ ਕਰਨ ਤੋਂ ਬਾਅਦ ਪਨਾਹ ਦੇਣ ਦਾ ਆਰੋਪ ਹੈ। ਪਵਨਦੀਪ ਕੌਰ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦੋਂ ਸ਼ਹਿਰ ਕੋਟ ਈਸੇ ਖਾਂ ਦੇ ਮਸ਼ਹੂਰ ਡਾਕਟਰ ਅਨਿਲਜੀਤ ਸਿੰਘ ਕੰਬੋਜ (ਹਰਬੰਸ ਨਰਸਿੰਗ ਹੋਮ) ਨੂੰ 4 ਜੁਲਾਈ ਨੂੰ ਉਸਦੇ ਹੀ ਹਸਪਤਾਲ ਵਿੱਚ ਦਿਨ ਦਿਹਾੜੇ ਗੋਲੀਆਂ ਮਾਰਨ ਵਾਲੇ ਗੁਰਮਨਦੀਪ ਸਿੰਘ ਉਰਫ ਫੌਜੀ ਪੁੱਤਰ ਬੋਹੜ ਸਿੰਘ ਵਾਸੀ ਤਲਵੰਡੀ ਸੂਬਾ ਸਿੰਘ ਜ਼ਿਲ੍ਹਾ ਤਰਨਤਾਰਨ ਨੂੰ ਪਵਨਦੀਪ ਕੌਰ ਨੇ ਵਾਰਦਾਤ ਤੋਂ ਬਾਅਦ ਆਪਣੇ ਘਰ ਪਨਾਹ ਦੇ ਕੇ ਆਰੋਪੀਆਂ ਦੀ ਮਦਦ ਕਰਨ ਕਰਕੇ ਉਕਤ ਔਰਤ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ।
ਮੋਗਾ ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਮਨਦੀਪ ਸਿੰਘ ਉਰਫ ਫੌਜੀ ਪੁੱਤਰ ਬੋਹੜ ਸਿੰਘ ਵਾਸੀ ਤਲਵੰਡੀ ਸੂਬਾ ਸਿੰਘ ਜਿਲ੍ਹਾ ਤਰਨਤਾਰਨ ਨੇ ਡਾ.ਅਨਿਲਜੀਤ ਕੰਬੋਜ ਪਰ ਗੋਲੀਆ ਚਲਾਈਆਂ ਸਨ, ਨੂੰ ਪਵਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸੌਢਾ ਥਾਣਾ ਸਰਹਿੰਦ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਨੇ ਆਰੋਪੀ ਗੁਰਮਨਦੀਪ ਸਿੰਘ ਉਰਫ ਫੌਜੀ ਨੂੰ ਮਿਤੀ 4-7-25 ਤੋਂ ਬਾਅਦ ਆਪਣੇ ਘਰ ਪਿੰਡ ਸੌਦਾ ਥਾਣਾ ਸਰਹਿੰਦ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਵਿਖੇ ਪਨਾਹ ਦਿੱਤੀ।
ਜੋ ਅੱਜ ਥਾਣਾ ਕੋਟ ਈਸੇ ਖਾਂ ਦੇ ਪਿੰਡ ਜਨੇਰ ਬੱਸ ਅੱਡਾ ਪਰ ਖੜੀ ਕਿਸੇ ਵਹੀਕਲ ਦਾ ਇੰਤਜਾਰ ਕਰ ਰਹੀ ਹੈ,ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਦੌਰਾਨ ਰੇਡ ਉਕਤ ਔਰਤ ਪਵਨਦੀਪ ਕੌਰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 126 ਮਿਤੀ 7-7-25 ਅ/ਧ 249 ਭਾਰਤੀ ਨਿਆ ਸੰਹਿਤਾ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੀ ਗਈ ਔਰਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸ ਦੇਈਏ ਕਿ ਡਾ. ਅਨਿਲਜੀਤ ਕੰਬੋਜ ਨੂੰ 4 ਜੁਲਾਈ ਨੂੰ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵਿੱਚ ਦਵਾਈ ਲੈਣ ਲਈ ਕਲੀਨਿਕ ਆਏ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਸੀ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ। ਇਸ ਤੋਂ ਬਾਅਦ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਦੀ ਪਛਾਣ ਗੁਰਲਾਲ, ਖੁਸ਼ਪ੍ਰੀਤ ਅਤੇ ਗੁਰਮਨ ਵਜੋਂ ਹੋਈ ਹੈ। ਉਹ ਤਰਨਤਾਰਨ ਦੇ ਰਹਿਣ ਵਾਲੇ ਹਨ। ਡੀਜੀਪੀ ਗੌਰਵ ਯਾਦਵ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
- PTC NEWS