Mohali News : ਪੁਲਿਸ ਨੇ ਆਈਸ ਸਮੇਤ 2 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ, ਪੰਜਾਬ 'ਚ ਵੇਚਣਾ ਸੀ ਨਸ਼ਾ
Mohali News : ਮੋਹਾਲੀ ਪੁਲਿਸ ਨੂੰ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਵਿੱਚ ਮਹੱਤਵਪੂਰਣ ਸਫਲਤਾ ਮਿਲੀ ਹੈ। ਜ਼ਿਲ੍ਹਾ ਪੁਲਿਸ ਵੱਲੋਂ 52 ਗ੍ਰਾਮ ਆਈਸ (ਸਿੰਥੈਟਿਕ ਨਸ਼ੀਲਾ ਪਦਾਰਥ) ਦੀ ਬਰਾਮਦਗੀ ਕਰਦਿਆਂ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ (ਦਿਹਾਤੀ), ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਜਾਂਚ) ਸੌਰਭ ਜਿੰਦਲ ਅਤੇ ਉਪ ਕਪਤਾਨ ਪੁਲਿਸ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ ਹੇਠ ਨਗਲਾ ਮੋੜ, ਹੰਡੇਸਰਾ ਵਿਖੇ ਲਾਈ ਨਾਕਾਬੰਦੀ ਦੌਰਾਨ ਹੋਈ।
ਜਾਣਕਾਰੀ ਦਿੰਦਿਆਂ ਐੱਸ ਪੀ (ਜਾਂਚ) ਸੌਰਭ ਜਿੰਦਲ ਨੇ ਦੱਸਿਆ ਕਿ ਥਾਣਾ ਹੰਡੇਸਰਾ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕਾਰ ਨੰਬਰ PB-16-ਐਚ-4215 (ਮਹਿੰਦਰਾ ਥਾਰ) ਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ। ਕਾਰ ਸਵਾਰ ਪੁਲਿਸ ਨੂੰ ਦੇਖਕੇ ਰੁਕ ਗਏ ਪਰ ਚਾਲਕ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੇਈਹਾਰਾ, ਜ਼ਿਲ੍ਹਾ ਰੂਪਨਗਰ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਕਾਰ ਤੋਂ ਬਾਹਰ ਸੁੱਟ ਦਿੱਤਾ ਅਤੇ ਆਪਣੇ ਸਾਥੀ ਤਰੁਨ ਕੁਮਾਰ ਸ਼ਰਮਾ ਪੁੱਤਰ ਲਛਮਣ ਸ਼ਰਮਾ ਵਾਸੀ ਪਿੰਡ ਨਿਕੇਤਨ, ਲਾਜਪਤ ਨਗਰ ਪਾਰਟ-2, ਦਿੱਲੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਦੋਨੋਂ ਦੋਸ਼ੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।
ਮੋਮੀ ਲਿਫਾਫਾ ਚੈੱਕ ਕਰਨ 'ਤੇ 52 ਗ੍ਰਾਮ ਆਈਸ ਬਰਾਮਦ ਹੋਈ। ਪੁੱਛਗਿੱਛ ਦੌਰਾਨ ਆਰੋਪੀਆਂ ਨੇ ਕਬੂਲਿਆ ਕਿ ਉਹ ਇਹ ਨਸ਼ਾ ਦਿੱਲੀ-ਨੋਇਡਾ ਤੋਂ ਲਿਆਏ ਸਨ ਅਤੇ ਇਸਨੂੰ ਪੰਜਾਬ ਵਿੱਚ ਵੇਚਣ ਵਾਲੇ ਸਨ। ਉਕਤ ਦੋਸ਼ੀਆਂ ਵਿਰੁੱਧ ਥਾਣਾ ਹੰਡੇਸਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21,29/61/85 ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਆਰੋਪੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕੇਸ ਦੀ ਜਾਂਚ ਜਾਰੀ ਹੈ।
ਬਰਾਮਦਗੀ:
1. 52 ਗ੍ਰਾਮ ਆਈਸ
2. ਇਕ ਮਹਿੰਦਰਾ ਥਾਰ ਕਾਰ (ਨੰਬਰ PB-16-ਐਚ-4215)
ਗ੍ਰਿਫਤਾਰ ਦੋਸ਼ੀਆਂ ਦੀ ਜਾਣਕਾਰੀ:
1. ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਬੇਈਹਾਰਾ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ
2. ਤਰੁਨ ਕੁਮਾਰ ਸ਼ਰਮਾ ਪੁੱਤਰ ਲਛਮਣ ਸ਼ਰਮਾ, ਵਾਸੀ ਪਿੰਡ ਨਿਕੇਤਨ, ਲਾਜਪਤ ਨਗਰ ਪਾਰਟ-2, ਦਿੱਲੀ।
- PTC NEWS