Moosewala Death Anniversary: ਮੂਸੇਵਾਲੇ ਦੀ ਬਰਸੀ 'ਤੇ ਮਾਤਾ-ਪਿਤਾ ਨੇ ਮਾਨ ਸਰਕਾਰ 'ਤੇ ਸਾਧੇ ਨਿਸ਼ਾਨੇ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਐਤਵਾਰ ਨੂੰ ਮਾਨਸਾ ਦੀ ਦਾਣਾ ਮੰਡੀ ਵਿਖੇ ਮਨਾਈ ਜਾ ਰਹੀ ਹੈ। ਪੁਲਿਸ ਵੱਲੋਂ ਮਾਨਸਾ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਇੰਟਰਨੈੱਟ ਬੰਦ ਹੋਣ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਨਿਰਾਸ਼ਾ ਹਨ।
ਦੱਸ ਦੇਈਏ ਕਿ ਮੂਸੇਵਾਲੇ ਦੀ ਬਰਸੀ 'ਤੇ ਉਸਦੇ ਮਾਤਾ-ਪਿਤਾ ਵੱਲੋਂ ਮਾਨ ਸਰਕਾਰ 'ਤੇ ਖ਼ੂਬ ਨਿਸ਼ਾਨੇ ਸਾਧੇ ਗਏ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਾਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਨੂੰ ਮਜਬੂਰ ਨਾ ਕਰੇ। ਉਨ੍ਹਾਂ ਕਿਹਾ ਕਿ ਅੱਜ ਸਾਡੀ ਆਵਾਜ਼ ਦੱਬਣ ਖ਼ਾਤਿਰ ਅੰਮ੍ਰਿਤਪਾਲ ਦਾ ਮੁੱਦਾ ਉਠਾਇਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਜੇਕਰ ਅਜਨਾਲਾ ਮਾਮਲੇ 'ਤੇ ਸਰਕਾਰ ਨੇ ਕਾਰਵਾਈ ਕਰਨੀ ਹੀ ਸੀ ਤਾਂ ਅੱਜ ਦਾ ਦਿਨ ਕਿਉਂ ਚੁਣਿਆ ਗਿਆ।
ਬਾਲਕੁ ਸਿੰਘ ਨੇ ਪੰਜਾਬ ਸਰਕਾਰ 'ਤੇ ਬੱਸਾਂ ਬੰਦ ਕਰਕੇ ਲੋਕਾਂ ਨੂੰ ਸਮਾਗਮ 'ਚ ਆਉਣ ਤੋਂ ਰੋਕਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਲਾਰੈਂਸ ਵਰਗੇ ਇੱਕ ਗੁੰਡੇ ਦਾ ਇੰਟਰਵਿਊ ਕਰਵਾਕੇ ਉਸਨੂੰ ਦੇਸ਼ ਭਗਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੋਲਡੀ ਤੇ ਬਿਸ਼ਨੋਈ ਵਰਗੇ ਗੁੰਡੇ ਸਰਕਾਰ ਨੂੰ ਮੂੰਹ ਚਿੜ੍ਹਾ ਰਹੇ ਨੇ ਤੇ ਸਰਕਾਰ ਬੈਠੀ ਤਮਾਸ਼ਾ ਵੇਖ ਰਹੀ ਹੈ।
ਪਿਤਾ ਨੇ ਬਲਤੇਜ ਪਨੂੰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ, 'ਉਹ ਹਰ ਗੱਲ 'ਤੇ ਮੇਰੇ ਮੁੰਡੇ ਨੂੰ ਵਿਵਾਦਤ ਗਾਇਕ ਦਸਦਾ ਸੀ'। ਇਸਦੇ ਨਾਲ ਹੀ ਮਾਂ ਚਰਨ ਕੌਰ ਨੇ ਆਪਣੇ ਬਿਆਨ 'ਚ ਕਿਹਾ ਕਿ ਪੰਜਾਬ ਸਰਕਾਰ ਸਾਡੇ ਜ਼ਖਮਾਂ ਨੂੰ ਖਦੇੜ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੇਰੇ ਪੁੱਤਰ ਦਾ ਨਿੱਕਾ ਜਿਹਾ ਵੀ ਕਸੂਰ ਨਿਕਲੇ ਤਾਂ ਅਸੀਂ ਉਸਦੀ ਸਜ਼ਾ ਭੁਗਤਾਂਗੇ। ਉਨ੍ਹਾਂ ਸੂਬਾ ਸਰਕਾਰ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਇਹ ਨਾ ਸਮਝੇ ਕਿ ਇਹ ਸਾਡਾ ਆਖਰੀ ਧਰਨਾ ਹੈ।
- PTC NEWS