Nanded Murder Case : ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, BKI ਦਾ ਇੱਕ ਹੋਰ ਕਾਰਕੁਨ ਸਚਿਨਦੀਪ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
NANDED MURDER CASE : ਪੰਜਾਬ ਪੁਲਿਸ (Punjab Police) ਨੇ ਨਾਂਦੇੜ ਕਤਲ ਕਾਂਡ ਵਿੱਚ ਸ਼ਾਮਲ, ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਕਾਰਕੁੰਨ ਸਚਿਨਦੀਪ ਸਿੰਘ ਉਰਫ਼ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪਿੰਡ ਦਿਆਲਪੁਰਾ ਅਜਨਾਲਾ (ਅੰਮ੍ਰਿਤਸਰ) ਦਾ ਨਿਵਾਸੀ ਹੈ।
ਨਾਂਦੇੜ ਮਾਮਲੇ 'ਚ ਗ੍ਰਿਫ਼ਤਾਰੀ ਡਰੋਂ ਥਾਈਲੈਂਡ ਭੱਜ ਗਿਆ ਸੀ ਸਚਿਨਦੀਪ : ਡੀਜੀਪੀ
ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ, ਐਸਏਐਸ ਨਗਰ ਦੀ ਟੀਮ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ ਇਹ ਗ੍ਰਿਫ਼ਤਾਰੀ ਕੀਤੀ ਹੈ। ਉਨ੍ਹਾਂ ਕਿਹਾ, ''ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਸਚਿਨਦੀਪ, ਥਾਈਲੈਂਡ ਭੱਜ ਗਿਆ ਸੀ। ਪੰਜਾਬ ਪੁਲਿਸ ਦੇ ਰਣਨੀਤਕ ਯਤਨਾਂ ਸਦਕਾ ਉਸਨੂੰ ਭਾਰਤ ਵਾਪਸ ਪਰਤਦਿਆਂ ਹੀ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।''
ਇਹ ਕਾਰਵਾਈ, ਪੰਜਾਬ ਪੁਲਿਸ ਵੱਲੋਂ ਨਾਂਦੇੜ ਕਤਲ ਕੇਸ ਦੇ ਸਬੰਧ ਵਿੱਚ ਬੀ.ਕੇ.ਆਈ. ਮਾਡਿਊਲ ਦੇ ਦੋ ਕਾਰਕੁਨਾਂ ਜਗਦੀਸ਼ ਸਿੰਘ ਉਰਫ਼ ਜੱਗਾ ਤੇ ਉਸਦੇ ਸਾਥੀ ਸ਼ੁਭਦੀਪ ਸਿੰਘ ਉਰਫ਼ ਸ਼ੁਭ ਨੂੰ ਦੋ .32 ਬੋਰ ਪਿਸਤੌਲਾਂ ਅਤੇ ਪੰਜ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਤੋਂ, ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਅਮਲ ਵਿੱਚ ਲਿਆਂਦੀ ਗਈ ਹੈ।
''ਸਚਿਨਦੀਪ ਨੇ ਬੀਕੇਆਈ ਦੇ ਨੈਟਵਰਕ ਵਿੱਚ ਨਿਭਾਈ ਸੀ ਅਹਿਮ ਭੂਮਿਕਾ''
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਚਿਨਦੀਪ ਨੇ ਬੀਕੇਆਈ ਦੇ ਨੈਟਵਰਕ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਨੇ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ ਅਧਾਰਤ ਬੀਕੇਆਈ ਕਾਰਕੁੰਨ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਕਾਰਕੁਨਾਂ ਨੂੰ ਸੁਰੱਖਿਅਤ ਪਨਾਹਗਾਹਾਂ, ਲੌਜਿਸਟਿਕਲ ਸਹਾਇਤਾ ਅਤੇ ਵਿੱਤੀ ਮਦਦ ਪ੍ਰਦਾਨ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਪੰਜਾਬ ਪੁਲਿਸ ਨੇ ਜਾਰੀ ਕੀਤਾ ਹੋਇਆ ਸੀ ਲੁੱਕ ਆਊਟ ਸਰਕੂਲਰ
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਡਾ. ਸਿਮਰਤ ਕੌਰ ਨੇ ਕਿਹਾ ਕਿ ਜਾਂਚ ਦੌਰਾਨ ਉਸਦਾ ਨਾਮ ਸਾਹਮਣੇ ਆਉਣ ’ਤੇ ਸਚਿਨਦੀਪ ਫੜੇ ਜਾਣ ਤੋਂ ਬਚਣ ਲਈ ਥਾਈਲੈਂਡ ਭੱਜ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਸਦੇ ਵਿਰੁੱਧ ਲੁੱਕ ਆਊਟ ਸਰਕੂਲਰ (ਐਲ.ਓ.ਸੀ.) ਜਾਰੀ ਕਰ ਦਿੱਤਾ ਸੀ, ਇਸੇ ਲਈ ਜਦੋਂ ਉਹ ਭਾਰਤ ਵਾਪਸ ਆਇਆ ਤਾਂ ਬੜੀ ਮੁਸਤੈਦੀ ਨਾਲ ਉਸਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਏਆਈਜੀ ਨੇ ਦੱਸਿਆ ਕਿ ਮੁਲਜ਼ਮ ਨੂੰ ਹੁਣ ਹੋਰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਸਬੰਧੀ, ਐਫਆਈਆਰ ਨੰਬਰ 1 ਮਿਤੀ 21.02.2025 ਨੂੰ ਥਾਣਾ ਐਸਐਸਓਸੀ, ਐਸਏਐਸ ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(1) ਬੀ ਅਤੇ ਬੀਐਨਐਸ ਦੀ ਧਾਰਾ 249 ਅਤੇ 61(2) ਤਹਿਤ ਕੇਸ ਪਹਿਲਾਂ ਹੀ ਦਰਜ ਹੈ।
- PTC NEWS