ਸ੍ਰੀ ਅਕਾਲ ਤਖ਼ਤ ਸਾਹਿਬ ਹੋਣ ਵਾਲੀ ਮੀਟਿੰਗ 'ਚ ਨਹੀਂ ਸੱਦੀ ਗਈ ਕੋਈ ਰਾਜਨੀਤਿਕ ਸ਼ਖ਼ਸੀਅਤ
ਅੰਮ੍ਰਤਿਸਰ: ਭਾਈ ਅੰਮ੍ਰਿਤਪਾਲ ਮਾਮਲੇ ਨੂੰ ਲੈਕੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ। ਇਸਦੇ ਨਾਲ ਹੀ ਇੱਥੇ ਦਾ ਸੇਕ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਲਗਣਾ ਸ਼ੁਰੂ ਹੋ ਗਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਕਿ ਭਾਈ ਅੰਮ੍ਰਿਤਪਲਾ ਉਨ੍ਹਾਂ ਦੀ ਗ੍ਰਿਫ਼ਤ 'ਚ ਨਹੀਂ ਹੈ ਜਦਕਿ ਸਿੱਖ ਜਥੇਬੰਦੀਆਂ ਦਾ ਮਨਣਾ ਹੈ ਕਿ ਸਿੰਘ ਪੁਲਿਸ ਦੀ ਗ੍ਰਿਫ਼ਤ 'ਚ ਹੀ ਹੈ ਤੇ ਪੁਲਿਸ ਮੁੜ 90 ਦੇ ਦਹਾਕੇ ਵਾਲਾ ਮਾਹੌਲ ਸਿਰਜ ਰਹੀ ਹੈ।
ਵੱਡੀ ਗਿਣਤੀ 'ਚ ਸਿੱਖ ਮੁੰਡਿਆਂ ਦੀ ਗ੍ਰਿਫ਼ਤਾਰੀ ਮਗਰੋਂ ਸੰਪ੍ਰਦਾਈ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਾਹਮਣੇ ਆਕੇ ਮਾਮਲੇ ਦੀ ਅਗਵਾਈ ਕਰਨ ਨੂੰ ਕਿਹਾ ਗਿਆ। ਜਿਸ ਮਗਰੋਂ ਹੁਣ 27 ਮਾਰਚ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਇਸ ਦੇ ਨਾਲ ਹੀ ਇਸ ਇੱਕਤਰਤਾ 'ਚ ਕਿਸੀ ਵੀ ਰਾਜਨੀਤਿਕ ਵਿਅਕਤੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।
ਇਸ ਮੀਟਿੰਗ 'ਚ ਸਿੱਖ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ, ਸਿੱਖ ਸਕਾਲਰ, ਵਕੀਲ ਤੇ ਪੱਤਰਕਾਰਾਂ ਨੂੰ ਹੀ ਸੱਦਾ ਭੇਜਿਆ ਗਿਆ ਹੈ। ਇੱਕਤਰਤਾ ਦਾ ਮੁਖ ਮਕਸਦ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕਰਕੇ ਸਿੱਖਾਂ ਨੂੰ ਨਾਜਾਇਜ਼ ਦੀ ਤਸ਼ੱਦਦ ਤੋਂ ਬਚਾਉਣਾ ਹੈ।
ਇਸ ਮੀਟਿੰਗ 'ਚ ਜਿੱਥੇ 100 ਦੇ ਕਰੀਬ ਗੁਰਸਿੱਖਾਂ ਦੀ ਇਕੱਤਰਤਾ ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਉਥੇ ਹੀ ਇਹ ਵੀ ਦੱਸਣਯੋਗ ਹੈ ਕਿ ਇਸ ਮੀਟਿੰਗ 'ਚ ਕਿਸੀ ਤਰ੍ਹਾਂ ਦਾ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਭਵਿੱਖ ਵਿੱਚ ਲੋੜ ਪੈਣ 'ਤੇ ਪੰਥਕ ਇੱਕਠ ਦਾ ਬੁਲਾਵਾ ਵੀ ਦਿੱਤਾ ਜਾ ਸਕਦਾ ਹੈ।
- PTC NEWS