Punjab News : ਤੂਫਾਨ ਨੇ ਮਚਾਈ ਤਬਾਹੀ, ਲੁਧਿਆਣਾ 'ਚ 5 ਮੰਜ਼ਿਲਾ ਫੈਕਟਰੀ ਦੀ ਕੰਧ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ, ਜਲੰਧਰ 'ਚ ਵੀ ਪੌਲ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ
Punjab News : ਲੁਧਿਆਣਾ ਦੇ ਨਾਨਕ ਨਗਰ ਇਲਾਕੇ ਵਿੱਚ ਸ਼ਨੀਵਾਰ ਦੇਰ ਸ਼ਾਮ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਇੱਕ 5 ਮੰਜ਼ਿਲਾ ਫੈਕਟਰੀ ਦੀ ਕੰਧ ਢਹਿ ਗਈ। ਇਸ ਹਾਦਸੇ 'ਚ ਦੋ ਮਜ਼ਦੂਰ ਉਸ ਦੀ ਚਪੇਟ 'ਚ ਆ ਗਏ। ਜਾਣਕਾਰੀ ਮੁਤਾਬਕ ਇੱਕ ਮਜ਼ਦੂਰ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਦੂਸਰੇ ਮਜ਼ਦੂਰ ਦੀ ਵੀ ਮੌਤ ਹੋ ਗਈ।
ਇਲਾਕਾ ਵਾਸੀਆਂ ਅਨੁਸਾਰ ਇੱਥੇ ਕਈ ਨਜਾਇਜ਼ ਤੌਰ 'ਤੇ ਬਣੀਆਂ ਬਹੁਮੰਜ਼ਲੀ ਫੈਕਟਰੀਆਂ ਹਨ, ਜੋ ਕਿ ਬਿਨਾਂ ਕਿਸੇ ਸੁਰੱਖਿਆ ਦੇ ਇੰਤਜ਼ਾਮਾਂ ਦੇ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਸ਼ਿਕਾਇਤਾਂ ਕਈ ਵਾਰ ਪ੍ਰਸ਼ਾਸਨ ਤੱਕ ਪਹੁੰਚਾਈਆਂ ਗਈਆਂ ਹਨ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਦੇ ਇਲਾਵਾ ਜਲੰਧਰ 'ਚ ਵੀ ਪੌਲ ਡਿੱਗਣ ਕਾਰਨ ਜਿਸ ਵਿਅਕਤੀ ਦੇ ਸੱਟਾਂ ਲੱਗੀਆਂ ਸਨ ,ਉਸਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਓਥੇ ਲਵ ਕੁਸ਼ ਚੌਂਕ (ਮਿਲਾਪ ਚੌਂਕ ) ਵਿੱਚ ਦੁਕਾਨ ਦੇ ਉੱਤੇ ਬਣਿਆ ਛੱਜਾ ਤੇਜ਼ ਹਨੇਰੀ ਕਰਕੇ ਡਿੱਗ ਪਿਆ। ਜਿਸ ਕਾਰਨ ਦੁਕਾਨ ਦੇ ਬਾਹਰ ਖੜੀਆਂ ਰੇੜੀਆਂ ਨੁਕਸਾਨੀਆਂ ਗਈਆਂ ਅਤੇ ਸਕੂਟਰ ਵੀ ਨੁਕਸਾਨੇ ਗਏ। ਜਲੰਧਰ ਪ੍ਰਾਈਵੇਟ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਸੈਡ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਹਨ। ਸ਼ੋਅਰੂਮ ਦੇ ਬਾਹਰ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।
ਦੱਸ ਦੇਈਏ ਕਿ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਕਰੀਬ 5 ਵਜੇ ਤੋਂ ਬਾਅਦ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਇੱਕੋ ਦਮ ਤੇਜ਼ ਹਨੇਰੀ ਅਤੇ ਝੱਖੜ ਸ਼ੁਰੂ ਹੋਇਆ ਅਤੇ ਆਸਮਾਨ 'ਚ ਕਾਲੀ ਘਟਾ ਛਾ ਗਈ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
- PTC NEWS