Pakistan Government : ਪਾਕਿਸਤਾਨ 'ਚ ਸਿੱਖ ਭਾਵਨਾਵਾਂ ਨੂੰ ਠੇਸ, ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਕਰਵਾਇਆ ਨਾਚ, ਪਾਕਿਸਤਾਨ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
Sri Guru Nanak Dav Ji : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ (Gurdwara Sri Nankana Sahib Pakistan) ਵਿਖੇ ਮਨਾਉਣ ਉਪਰੰਤ ਦਰਸ਼ਨ ਦੀਦਾਰੇ ਕਰਦੇ ਹੋਏ ਸਿੱਖ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇ, ਜਿੱਥੇ ਕਿ ਪਾਕਿਸਤਾਨ ਸਰਕਾਰ (Pakistan Government) ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGMC) ਵੱਲੋਂ ਸਿੱਖਾਂ ਦੀ 'ਆਓ ਭਗਤ' ਲਈ ਕਰਵਾਏ ਗਏ ਰੰਗਾਰੰਗ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਚ ਗਾਣਾ ਕਰਵਾ ਕੇ ਪਾਕਿਸਤਾਨ ਸਰਕਾਰ ਨੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਦੱਸਣਯੋਗ ਹੈ ਕਿ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਪਿਛਲੇ ਪਾਸੇ ਬਾਰਾਦਰੀ ਪਾਰਕ, ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਐਨ ਸਾਹਮਣੇ ਹੈ, ਉਸ ਜਗਾ 'ਤੇ ਬੀਤੀ ਰਾਤ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਇੱਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਸਭ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਤੇ ਭਾਰਤ ਤੋਂ ਜਥੇ ਲੈ ਕੇ ਪਹੁੰਚੇ ਜੱਥਾ ਲੀਡਰਾਂ ਨੂੰ ਸਟੇਜ ਤੇ ਸੱਦ ਕੇ ਮਾਨ ਸਨਮਾਨ ਦਿੱਤਾ ਤੇ ਜੱਥਾ ਲੀਡਰ ਸੰਗਤਾਂ ਨੂੰ ਸੰਬੋਧਨ ਹੋਏ ਇਸ ਦੌਰਾਨ ਪਾਕਿਸਤਾਨ ਸਰਕਾਰ ਲਾਹੌਰ ਪ੍ਰਸ਼ਾਸਨ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ ਮੌਜੂਦ ਸਨ।
ਇਹ ਪ੍ਰੋਗਰਾਮ ਖਾਸ ਕਰਕੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਸ਼ਰੀਫ ਦੇ ਵੱਲੋਂ ਰੱਖਿਆ ਗਿਆ ਸੀ। ਪ੍ਰੋਗਰਾਮ ਵਿੱਚ ਚੱਲ ਰਹੀਆਂ ਸਕਰੀਨਾਂ 'ਤੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਤੇ ਵੱਖ-ਵੱਖ ਸੁੰਨੀ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਉਪਰੰਤ ਇਸੇ ਸਟੇਜ 'ਤੇ ਵੱਖ-ਵੱਖ ਪਾਕਿਸਤਾਨੀ ਨਾਮਵਰ ਸਿੰਗਰਾਂ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ ਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਭੰਗੜੇ ਪਾਏ ਢੋਲ ਵਜਾਏ ਤੇ ਸਿੱਖ ਸ਼ਰਧਾਲੂਆਂ ਨੂੰ ਜ਼ਬਰਦਸਤੀ ਨੱਚਣ ਲਈ ਮਜਬੂਰ ਕੀਤਾ ਗਿਆ।
ਇਹ ਵੀ ਦੱਸਣਯੋਗ ਹੈ ਕਿ ਕਈ ਸ਼ਰਧਾਲੂਆਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਵੀ ਕੀਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਆਏ ਹਨ ਨਾ ਕਿ ਰੰਗਾਰੰਗ ਪ੍ਰੋਗਰਾਮ ਵਿੱਚ ਭੰਗੜੇ ਪਾਉਣ ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦੌਰਾਨ ਤੇ ਮੈਂਬਰਾਂ ਵੱਲੋਂ ਜਬਰੀ ਸਿੱਖ ਸ਼ਰਧਾਲੂਆਂ ਨੂੰ ਬਾਹਵਾਂ ਚੁੱਕ ਚੁੱਕ ਕੇ ਭੰਗੜਾ ਪਾਉਣ ਲਈ ਮਜਬੂਰ ਕੀਤਾ ਗਿਆ। ਇਸ ਦੌਰਾਨ ਪਾਕਿਸਤਾਨ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਮੇਤ ਅਹੁਦੇਦਾਰ ਤੋਂ ਇਲਾਵਾ ਰੰਗਾਰੰਗ ਮੰਚ ਸਟੇਜ ਸਕੱਤਰ ਦੀ ਜਿੰਮੇਵਾਰੀ ਪਾਕਿਸਤਾਨ ਕਮੇਟੀ ਦੇ ਮੈਂਬਰ ਅਰੋੜਾ ਦੇ ਛੋਟੇ ਭਰਾ ਇੰਦਰਜੀਤ ਵੱਲੋਂ ਨਿਭਾਈ ਗਈ ਤੇ ਉਹ ਵੀ ਇਸ ਰੰਗਾਰੰਗ ਸਟੇਜ ਤੇ ਠੁਮਕੇ ਲਗਾਉਂਦੇ ਭੰਗੜੇ ਪਾਉਂਦੇ ਵਿਖਾਈ ਦਿੱਤੇ।
ਪਾਕਿਸਤਾਨ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਉਧਰ, ਇਸ ਮਾਮਲੇ 'ਤੇ ਰਮੇਸ਼ ਸਿੰਘ ਅਰੋੜਾ, ਪ੍ਰਧਾਨ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਮੰਤਰੀ ਪਾਕਿਸਤਾਨ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਨਹੀਂ ਹੈ, ਇਹ ਹਜੂਰੀ ਬਾਗ ਹੈ, ਜਿਥੇ ਵੱਖਰੀ ਕਿਸਮ ਦੇ ਸਟੇਟ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮੌਜੂਦ ਨਹੀਂ ਸਨ, ਜੋ ਬ੍ਰਾਜੀਲ 'ਚ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕੋਈ ਨਾਚ-ਗਾਣਾ ਨਹੀਂ ਸੀ, ਸਗੋਂ ਇੱਕ ਸੂਫ਼ੀ ਮਹਿਫਿਲ ਸੀ ਅਤੇ ਸੂਫੀ ਗੀਤਕਾਰੀ ਸੀ। ਉਨ੍ਹਾਂ ਠੁਮਕੇ ਲਾਉਣ ਲਈ ਮਜਬੂਰ ਕੀਤੇ ਜਾਣ ਬਾਰੇ ਕਿਹਾ ਕਿ ਸਿੱਖਾਂ ਨੂੰ ਮਜਬੂਰ ਨਹੀਂ ਕੀਤਾ ਗਿਆ, ਸਗੋਂ ਕੁੱਝ ਸਿੰਘ ਕੱਵਾਲੀ 'ਤੇ ਖੁਦ ਝੂਮੇ ਸਨ।
- PTC NEWS