Bomb blast in Pakistan : ਪਾਕਿਸਤਾਨ ਦੀ ਜਾਮੀਆ ਹੱਕਾਨਿਆ ਮਸਜਿਦ 'ਚ ਰਮਜ਼ਾਨ ਤੋਂ ਪਹਿਲਾਂ ਆਤਮਘਾਤੀ ਹਮਲਾ, 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
Bomb blast in Masjid in Pakistan : ਪਾਕਿਸਤਾਨ ਦੇ ਜਾਮੀਆ ਹੱਕਾਨਿਆ ਮਸਜਿਦ 'ਚ ਬੰਬ ਧਮਾਕਾ ਹੋਇਆ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਸ਼ੁੱਕਰਵਾਰ (28 ਫਰਵਰੀ 2025), ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ, ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਤਾਲਿਬਾਨ ਸਮਰਥਕ ਮਸਜਿਦ ਵਿੱਚ ਇੱਕ ਧਮਾਕਾ ਹੋਇਆ।
ਖੇਤਰ 'ਚ ਐਮਰਜੈਂਸੀ ਲਾਗੂ
ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਅਬਦੁਲ ਰਸ਼ੀਦ ਨੇ ਦੱਸਿਆ ਕਿ ਇਹ ਧਮਾਕਾ ਖ਼ੈਬਰ ਪਖਤੂਨਖਵਾ ਸੂਬੇ ਦੇ ਅਕੋਰਾ ਖੱਟਕ ਜ਼ਿਲ੍ਹੇ ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕਾ ਮਦਰੱਸੇ ਦੇ ਮੁੱਖ ਹਾਲ 'ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ। ਡਾਨ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਇਸ ਖੇਤਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਪੁਲਿਸ ਨੇ ਆਤਮਘਾਤੀ ਹਮਲਾ ਦਿੱਤਾ ਕਰਾਰ
ਜਾਮੀਆ ਹੱਕਾਨੀਆ ਸੈਮੀਨਰੀ ਦੇ ਅੰਦਰਲੇ ਕੰਪਲੈਕਸ, ਜਿੱਥੇ ਧਮਾਕਾ ਹੋਇਆ ਸੀ, ਲਗਭਗ 4,000 ਵਿਦਿਆਰਥੀ ਰਹਿੰਦੇ ਹਨ, ਜਿਨ੍ਹਾਂ ਨੂੰ ਮੁਫਤ ਭੋਜਨ ਅਤੇ ਸਿੱਖਿਆ ਦਿੱਤੀ ਜਾਂਦੀ ਹੈ। ਪਾਕਿਸਤਾਨੀ ਸਮਾ ਟੀਵੀ ਦੀ ਰਿਪੋਰਟ ਮੁਤਾਬਕ ਕੇਪੀ ਦੇ ਆਈਜੀ ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਆਤਮਘਾਤੀ ਧਮਾਕਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਦਾ ਨਿਸ਼ਾਨਾ ਸੀ।
ਪਾਕਿਸਤਾਨ ਸਰਕਾਰ ਨੇ ਘਟਨਾ ਦੀ ਕੀਤੀ ਨਿੰਦਾ
ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਐਕਸ 'ਤੇ ਪੋਸਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, "ਦੁਸ਼ਮਣ ਦੇਸ਼ ਪਾਕਿਸਤਾਨ ਵਿੱਚ ਅਸਥਿਰਤਾ ਪੈਦਾ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਅਸੀਂ ਦੁਸ਼ਮਣ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰ ਦਿਆਂਗੇ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।" ਉਨ੍ਹਾਂ ਨੇ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਅਤੇ ਹੋਰ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ।
- PTC NEWS