Panchayat Election 2024 : ਪੰਜਾਬ ਦੇ ਇਸ ਪਿੰਡ ’ਚ ਸਰਪੰਚੀ ਲਈ ਲੱਗੀ ਕਰੋੜਾਂ ਦੀ ਬੋਲੀ, ਰਿਕਾਰਡ ਹੋਇਆ ਕਾਇਮ
Panchayat Election 2024 : ਇੱਕ ਪਾਸੇ ਜਿੱਥੇ ਸਰਪੰਚੀ ਦੀਆਂ ਚੋਣਾਂ ਦੇ ਐਲਾਨ ਮਗਰੋਂ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ’ਚ ਸਰਪੰਚੀ ਲੈਣ ਦੇ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਲੱਗੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਪੰਜਾਬ ਦਾ ਪਹਿਲਾਂ ਅਜਿਹਾ ਪਿੰਡ ਬਣਿਆ ਹੈ ਜਿੱਥੇ ਸਰਪੰਚੀ ਲੈਣ ਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਪੰਜਾਬ ’ਚ ਇਸ ਬੋਲੀ ਨਾਲ ਰਿਕਾਰਡ ਕਾਇਮ ਹੋ ਗਿਆ ਹੈ।
ਤਿੰਨ ਧਿਰਾਂ ਨੇ ਦਾਅਵਾ ਕੀਤਾ ਸੀ ਪੇਸ਼
ਦੱਸ ਦਈਏ ਕਿ ਪੰਚਾਇਤ ਘਰ ’ਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਪਿੰਡ ਦਾ ਸਰਪੰਚ ਹੋਵੇਗਾ। ਬੋਲੀ ਦੇਣ ਵਾਲਿਆਂ ’ਚ ਬੀਜੇਪੀ ਆਗੂ ਆਤਮਾ ਸਿੰਘ ਪੁੱਤਰ ਵੱਸਣ ਸਿੰਘ ,ਜਸਵਿੰਦਰ ਸਿੰਘ ਬੇਦੀ ਪੁੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। ਇਨ੍ਹਾਂ ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਬੋਲੀ ਲਗਾਈ ਹੈ।
ਹਾਲਾਂਕਿ ਬੋਲੀ ਦੇਣ ਦੇ ਲਈ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਐਲਾਨ ਕਰਵਾਇਆ ਗਿਆ ਸੀ ਪਰ ਨਾ ਤਾਂ ਕੋਈ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਕੋਈ ਨੁਮਾਇੰਦਾ ਬੋਲੀ ਦੇਣ ਲਈ ਸਾਹਮਣੇ ਆਇਆ।
ਦੋ ਧਿਰਾਂ ਆਈਆਂ ਸਾਹਮਣੇ
ਪਰ ਅਖਿਰ ’ਚ ਪਹੁੰਚੇ ਤਿੰਨਾਂ ਦਾਅਵੇਦਾਰਾਂ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ। ਜਦਕਿ ਦੂਜੀ ਧਿਰ ਵਾਲੇ ਜਸਵਿੰਦਰ ਸਿੰਘ ਬੇਦੀ ਨੇ ਇੱਕ ਕਰੋੜ ਦੀ ਬੋਲੀ ਦਿੱਤੀ ਸੀ। ਪਰ ਆਤਮਾ ਸਿੰਘ ਦੀ ਬੋਲੀ ਸਭ ਤੋਂ ਉੱਚੀ ਬੋਲੀ ਰਹੀ। ਖੈਰ ਹੁਣ ਤੱਕ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਹੈ। ਇਸ ਦੇ ਲਈ ਅੱਜ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਸ ’ਚ ਜੇਕਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਅੱਜ ਵਧਾ ਸਕਦਾ ਹੈ।
ਬੀਜੇਪੀ ਆਗੂ ਦਾ ਪਾਰਟੀ ਨੇ ਕੀਤਾ ਸਨਮਾਨਿਤ
ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਕੋਈ ਦੋ ਕਰੋੜ ਤੋਂ ਵੱਧ ਬੋਲੀ ਲਗਾਉਂਦਾ ਹੈ ਜਾਂ ਨਹੀਂ ਜੇਕਰ ਕਿਸੇ ਨੇ ਵੀ ਬੋਲੀ ਨਹੀਂ ਵਧਾਈ ਤਾਂ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਮੰਨੀ ਜਾਵੇਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਪੰਜਾਬ ਵਿੱਚ ਇੱਕ ਹੀ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸੂਬਾ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖਤਾ ਤਿਆਰੀ: ਭਗਵੰਤ ਮਾਨ
- PTC NEWS