Partap Singh Bajwa : ਪ੍ਰਤਾਪ ਸਿੰਘ ਬਾਜਵਾ ਦਾ ਕੇਜਰੀਵਾਲ 'ਤੇ ਤੰਜ, ਬੋਲੇ- 'ਵਿਪਾਸਨਾ' ਦੀ CM ਮਾਨ ਨੂੰ ਵੀ ਜ਼ਰੂਰਤ
Partap Congress News : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵਿਪਾਸਨਾ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜੋ ਕੱਲ੍ਹ ਤੱਕ ਆਪਣੇ ਆਪ ਨੂੰ ਆਮ ਆਦਮੀ ਅਖਵਾਉਂਦੇ ਸਨ, ਅੱਜ ਉਹ 32 ਗੱਡੀਆਂ ਦੇ ਕਾਫਲੇ ਨਾਲ ਵਿਪਾਸਨਾ ਕਰਨ ਆਏ ਹਨ, ਖੁਦ ਨੂੰ ਸ਼ਾਂਤੀ ਹੋਵੇ ਜਾਂ ਨਾ, ਪਰ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀ ਸ਼ਾਂਤੀ ਨੂੰ ਤਬਾਹ ਕਰ ਦਿੱਤਾ ਹੈ।
ਦੱਸ ਦਈਏ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪੁਲਿਸ ਦੇ ਇੱਕ ਵਿਸ਼ਾਲ ਕਾਫ਼ਿਲਾ ਨਾਲ ਅੱਜ ਹੁਸ਼ਿਆਰਪੁਰ ਵਿੱਚ ਵਿਪਾਸਨਾ ਲਈ ਪਹੁੰਚੇ ਸਨ। ਇਸ ਕਾਫਿਲੇ ਵਿੱਚ ਪੰਜਾਬ ਪੁਲਿਸ ਦੇ ਸੈਂਕੜੇ ਕਮਾਂਡੋ, ਤਕਰੀਬਨ 3 ਦਰਜਨ ਸੁਰੱਖਿਆ ਵਾਹਨ, ਕਰੋੜਾਂ ਦੀਆਂ ਬੁਲੇਟਪਰੂਫ ਲੈਂਡ ਕਰੂਜ਼ਰਾਂ, ਜੈਮਰ ਗੱਡੀਆਂ, ਐਂਬੂਲੈਂਸ ਤੇ ਹੋਰ ਬਹੁਤ ਕੁਝ ਸ਼ਾਮਿਲ ਸਨ।
ਭਗਵੰਤ ਮਾਨ ਨੂੰ ਵੀ ਲੈ ਜਾਓ ਵਿਪਾਸਨਾ ਲਈ : ਬਾਜਵਾ
ਵਿਰੋਧੀ ਧਿਰ ਦੇ ਆਗੂ ਨੇ ਕੇਜਰੀਵਾਲ ਦੀ ਇਸ 'ਵਿਪਾਸਨਾ' ਯਾਤਰਾ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕੱਲ੍ਹ ਤੱਕ ਵੈਗਨ ਆਰ ਵਿੱਚ ਸਫ਼ਰ ਕਰਦੇ ਸਨ, ਪਰ ਅੱਜ ਉਹ ਲੈਂਡ ਕਰੂਜ਼ਰ ਵਿੱਚ ਸਫ਼ਰ ਕਰ ਰਹੇ ਹਨ, ਇਹ ਕਿਸ ਤਰ੍ਹਾਂ ਦੀ ਵਿਪਾਸਨਾ ਹੈ? ਉਨ੍ਹਾਂ ਕਿਹਾ, ''ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਕੱਲੇ ਵਿਪਾਸਨਾ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਵਿਪਾਸਨਾ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਵੀ ਇਸ ਦੀ ਜ਼ਰੂਰਤ ਹੈ ਅਤੇ 10 ਦਿਨ ਦੀ ਵਿਪਾਸਨਾ ਨਾਲ ਕੁੱਝ ਨਹੀਂ ਹੋਵੇਗਾ।''
ਕਿਸਾਨਾਂ ਬਾਰੇ ਮੁੱਖ ਮੰਤਰੀ ਦੇ ਬਿਆਨ 'ਤੇ ਬਾਜਵਾ ਨੇ ਕਿਹਾ ਕਿ ਹੁਣ ਤੱਕ ਪੰਜਾਬ 'ਚ ਪਿਛਲੇ 3 ਸਾਲਾਂ 'ਚ ਸਾਰੇ ਧਰਨੇ ਸਾਰੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੁੰਦੇ ਰਹੇ ਹਨ, ਹੁਣ ਇਹੀ ਬੁਰੇ ਲੱਗਣ ਲੱਗੇ ਹਨ, ਜੇਕਰ ਪੰਜਾਬ ਦੇ ਕਿਸਾਨ ਉਨ੍ਹਾਂ ਕੋਲ ਨਾ ਆਏ ਤਾਂ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, ''ਮੈਂ ਕਿਸਾਨਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਤੁਸੀਂ ਲੋਕ ਇਹ ਆਮ ਆਦਮੀ ਪਾਰਟੀ ਲੈ ਕੇ ਆਏ ਹੋ, ਤੁਸੀਂ ਕਿਸ ਤਰ੍ਹਾਂ ਦਾ ਸੀਐਮ ਅਤੇ ਸਰਕਾਰ ਚੁਣੀ ਹੈ, ਅਸੀਂ ਸਾਰੇ ਜ਼ਿੰਮੇਵਾਰ ਹਾਂ, ਉਹ ਹਰ ਗੱਲ 'ਤੇ ਝੂਠ ਬੋਲਦੇ ਹਨ, ਆਮ ਆਦਮੀ ਦੀ ਗੱਲ ਕਰਦੇ ਸੀ, ਅੱਜ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਪੰਜ ਸਰਕਾਰੀ ਕੋਠੀਆਂ ਅਤੇ ਗਿਆਰਾਂ ਸੌ ਆਦਮੀ ਹਨ, 121 ਗੱਡੀਆਂ ਦਾ ਕਾਫਲਾ ਚੱਲਦਾ ਹੈ।''
- PTC NEWS