Mohali News : ਪਾਸਟਰ ਬਰਜਿੰਦਰ ਸਿੰਘ ਦੇ ਸਾਥੀ ਸੁਰਜੀਤ ਸਿੰਘ ਥਾਪਰ ਖਿਲਾਫ਼ ਪੁਲਿਸ ਥਾਣਾ ਬਲੌਂਗੀ 'ਚ ਮਾਮਲਾ ਦਰਜ ਹੋਇਆ ਹੈ। ਇਸਾਈ ਭਾਈਚਾਰੇ ਨੂੰ ਭੜਕਾਉਣ ਅਤੇ ਸਿੱਖਾਂ ਖਿਲਾਫ਼ ਸ਼ੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਕਰਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਥਾਣਾ ਬਲੌਂਗੀ 'ਚ ਐਫਆਈਆਰ ਨੰਬਰ 77 ਰਜਿਸਟਰ ਕਰਕੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਪਾਸਟਰ ਬਜਿੰਦਰ ਸਿੰਘ ਦੇ ਕਰੀਬ 5 ਤੋਂ 7 ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਖਿਲਾਫ਼ 351(2) 356(2) 79 BNS ਅਤੇ 67, 72 IT ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀ ਦਾ ਨਾਮ ਸੁਰਜੀਤ ਸਿੰਘ ਥਾਪਰ ਦੱਸਿਆ ਜਾ ਰਿਹਾ ਹੈ। ਸੁਰਜੀਤ ਸਿੰਘ ਥਾਪਰ ,ਪਾਸਟਰ ਬਜਿੰਦਰ ਸਿੰਘ ਦਾ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਸਪੋਕਸਪਰਸਨ ਦੱਸਿਆ ਜਾ ਰਿਹਾ ਹੈ।
ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁਹਾਲੀ ਦੀ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜ਼ਰੁਮਾਨਾ ਵੀ ਲਗਾਇਆ ਗਿਆ ਹੈ। ਪਾਸਟਰ ਬਜਿੰਦਰ ਸਿੰਘ ਨੂੰ ਇਹ ਸਜ਼ਾ ਧਾਰਾ 376 (2), 323 ਤੇ 506 ਤਹਿਤ ਸੁਣਾਈ ਗਈ ਸੀ। ਪਾਸਟਰ ਬਜਿੰਦਰ ਸਿੰਘ 'ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਜਾਣ ਦਾ ਦੋਸ਼ ਹੈ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਵੀਡੀਓ ਬਣਾਈ ਗਈ ਤੇ ਪਾਦਰੀ ਵਲੋਂ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਦੇਵੇਗਾ।
- PTC NEWS