ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਦਾ ਮਾਮਲਾ, ਅਦਾਲਤ ਨੇ ਕਤਲ ਦੇ ਸਾਰੇ ਦੋਸ਼ੀਆਂ ਨੂੰ ਸੁਣਾਈ ਉਮਰਕੈਦ ਤੇ ਜੁਰਮਾਨੇ ਦੀ ਸਜ਼ਾ
Former cricketer Suresh Rainas relatives murder : ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਰੇਸ਼ ਰੈਨਾ ਦੇ ਫੁੱਫੜ ਸਮੇਤ ਦੋ ਲੋਕਾਂ ਦੇ ਕਤਲ ਮਾਮਲੇ 'ਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਪਠਾਨਕੋਟ ਜ਼ਿਲ੍ਹਾ ਅਦਾਲਤ ਨੇ ਮਾਮਲੇ 'ਚ ਸਾਰੇ 12 ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਮੁਲਜ਼ਮਾਂ ਨੂੰ 2-2 ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਵੀ ਸੁਣਾਏ ਹਨ।
ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲ੍ਹੇ ਵਿਚ ਥਾਣਾ ਸ਼ਾਹਪੁਰ ਕੰਢੀ ਦੇ ਪਿੰਡ ਥਰਿਆਲ ਵਿੱਚ 19 ਅਗਸਤ 2020 ਦੀ ਰਾਤ ਨੂੰ ਵਾਪਰੀ ਘਟਨਾ ਵਾਪਰੀ ਸੀ। ਹਮਲੇ ਵਿੱਚ ਰੈਨਾ ਦਾ ਫੁੱਫੜ ਅਸ਼ੋਕ ਕੁਮਾਰ ਜੋ ਠੇਕੇਦਾਰ ਸਨ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੇ ਪੁੱਤਰ ਕੌਸ਼ਲ ਕੁਮਾਰ 31 ਅਗਸਤ ਨੂੰ ਦਮ ਤੋੜ ਗਏ ਸਨ।
2020 ਵਿੱਚ ਪਠਾਨਕੋਟ ਦੇ ਥਰਿਆਲ ਪਿੰਡ ਵਿੱਚ ਹਮਲਾਵਰਾਂ ਵੱਲੋਂ ਘਰ ਵਿੱਚ ਵੜ ਕੇ ਦੋਹਰੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨਾ ਅਤੇ ਨਕਦੀ ਲੁੱਟ ਕੇ ਲੈ ਗਏ ਸਨ। ਇਸ ਵਾਰਦਾਤ ਵਿੱਚ 9 ਪੁਰਸ਼ ਅਤੇ 3 ਔਰਤਾਂ ਸ਼ਾਮਲ ਸਨ। ਮਾਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੀ ਐਸਆਈਟੀ ਨੇ ਕੇਸ (ਐਫ.ਆਈ.ਆਰ. 153 ਮਿਤੀ 20 ਅਗਸਤ, 2020 ਆਈ.ਪੀ.ਸੀ. ਦੀ ਧਾਰਾ 460/459/458) ਨਾਲ ਜਾਂਚ ਪੜਤਾਲ ਉਪਰੰਤ ਆਈਪੀਸੀ ਦੀ ਧਾਰਾ 302, 307, 148, 149 ਵੀ ਜੋੜੀ ਸੀ।
ਇਸ ਬਾਰੇ ਗੱਲ ਕਰਦਿਆਂ ਵਕੀਲ ਹਰੀਸ਼ ਪਠਾਨੀਆ ਨੇ ਦੱਸਿਆ ਕਿ ਇਹ ਮਾਮਲਾ 2020 ਦੇ ਕਤਲ ਦਾ ਹੈ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ ਇਕ ਕ੍ਰਿਕਟਰ ਸੁਰੇਸ਼ ਰੈਨਾ ਦਾ ਚਾਚਾ ਸੀ, ਜਿਸ ਦੀ ਮੌਤ ਤੋਂ ਬਾਅਦ ਪੁਲਸ ਨੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਚ ਕੁਝ ਔਰਤਾਂ ਵੀ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਕਤਲ ਕੀਤੇ ਸਨ। ਫਿਲਹਾਲ ਜ਼ਿਲ੍ਹਾ ਅਦਾਲਤ ਦੇ ਸੈਸ਼ਨ ਜੱਜ ਨੇ 12 ਗਿ੍ਫ਼ਤਾਰ ਦੋਸ਼ੀਆਂ ਨੂੰ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
- PTC NEWS