Punjab News : ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਕਤਲ, ਫਿਰੌਤੀ ਤੇ ਟਾਰਗੇਟ ਕਿਲਿੰਗ 'ਚ ਸ਼ਾਮਲ 9 ਮੈਂਬਰੀ ਗਿਰੋਹ ਦਾ ਪਰਦਾਫਾਸ਼
Target Killing Gang Busted : ਪਟਿਆਲਾ ਪੁਲਿਸ (Patiala Police) ਨੇ ਕਤਲ, ਫਿਰੌਤੀ, ਟਾਰਗੇਟ ਕਿਲਿੰਗ ਅਤੇ ਗੈਂਗਵਾਰ (Gangwar) ਵਰਗੀਆਂ ਸੰਗਠਿਤ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਖਤਰਨਾਕ 9 ਮੈਂਬਰੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ 10 ਦੇਸੀ/ਵਿਦੇਸ਼ੀ ਪਿਸਤੌਲ ਅਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਕੁਲਦੀਪ ਸਿੰਘ ਚਾਹਲ ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ ਅਤੇ ਵਰੁਣ ਸ਼ਰਮਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਜਸਪ੍ਰੀਤ ਸਿੰਘ (ਥਾਣਾ ਕੋਤਵਾਲੀ), ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ (ਇੰਚਾਰਜ CIA ਸਟਾਫ) ਅਤੇ ਐਸ.ਆਈ. ਗੁਰਪਿੰਦਰ ਸਿੰਘ (ਥਾਣਾ ਸਬਜ਼ੀ ਮੰਡੀ) ਦੀ ਟੀਮ ਨੇ NIS ਚੌਂਕ ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਮੁਖਬਰੀ ਦੇ ਆਧਾਰ ’ਤੇ ਡਕਾਲਾ ਚੁੰਗੀ ਨੇੜੇ NIS ਦੇ ਖੰਡਰ ਕਵਾਟਰਾਂ ’ਚ ਛਾਪੇਮਾਰੀ ਕਰਕੇ ਗੈਂਗ ਦੇ ਮੈਂਬਰਾਂ ਨੂੰ ਕਿਸੇ ਵੱਡੀ ਸਨਸਨੀਖੇਜ਼ ਵਾਰਦਾਤ ਦੀ ਤਿਆਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਦੰਗਲ ਪਾਸੋਂ 7 ਪਿਸਤੌਲ (.32 ਬੋਰ), ਡਿੰਪਲ ਕੋਸਲ ਪਾਸੋਂ 2 ਪਿਸਤੌਲ (.32 ਬੋਰ) ਅਤੇ ਧਰੁਵ ਪਾਸੋਂ ਇੱਕ ਵਿਦੇਸ਼ੀ ਪਿਸਤੌਲ PX5 (.30 ਬੋਰ) ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਗੈਂਗ ਦਾ ਸਰਗਨਾ ਬੋਬੀ ਮਾਹੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਫੱਜਲਪੁਰਾ ਹੈ, ਜੋ ਇੱਕ ਖਤਰਨਾਕ ਅਪਰਾਧੀ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਉਸਨੇ ਕਤਲ, ਫਿਰੌਤੀ ਅਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਲਈ ਆਪਣਾ ਸੰਗਠਿਤ ਗੈਂਗ ਤਿਆਰ ਕੀਤਾ ਹੋਇਆ ਸੀ।
ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿੱਚੋਂ 6 ਮੁਲਜ਼ਮ ਮਿਤੀ 28 ਦਸੰਬਰ 2025 ਨੂੰ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਹੋਈ ਕਤਲ ਦੀ ਵਾਰਦਾਤ ਵਿੱਚ ਵੀ ਸ਼ਾਮਲ ਰਹੇ ਹਨ, ਜਿਸ ਸਬੰਧੀ ਮਾਮਲਾ ਨੰਬਰ 261 ਮਿਤੀ 29-12-2025 ਪਹਿਲਾਂ ਹੀ ਦਰਜ ਹੈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ, ਗੁਰਪ੍ਰੀਤ ਦੰਗਲ ਵਾਸੀ ਗੋਪਾਲ ਕਲੋਨੀ, ਡਿੰਪਲ ਕੋਸਲ ਉਰਫ ਡਿੰਪੀ ਵਾਸੀ ਨਿਊ ਮਹਿੰਦਰਾ ਕਲੋਨੀ, ਧਰੁਵ ਵਾਸੀ ਨਿਊ ਮਹਿੰਦਰਾ ਕਲੋਨੀ, ਪ੍ਰਥਮ ਉਰਫ ਚਾਹਤ ਵਾਸੀ ਸੰਜੇ ਕਲੋਨੀ, ਸਚਿਨ ਗੁਪਤਾ ਵਾਸੀ ਪ੍ਰੇਮ ਕਲੋਨੀ, ਦੀਪਾਸ਼ ਉਰਫ ਦੀਸੂ ਵਾਸੀ ਨਿਊ ਮਹਿੰਦਰਾ ਕਲੋਨੀ, ਹਸਨਪ੍ਰੀਤ ਸਿੰਘ ਉਰਫ ਹੁਸਨ ਵਾਸੀ ਪਿੰਡ ਥੂਹਾ ਤੇ ਸ਼ੌਕਤ ਅਲੀ ਉਰਫ ਵਾਸੀ ਡਾਲੀਮਾ ਵਿਹਾਰ, ਰਾਜਪੁਰਾ ਵੱਜੋਂ ਹੋਈ ਹੈ।
- PTC NEWS