Sangrur ਦੇ ਪਿੰਡ ਬੰਗਾਂ ‘ਚ ਸਾਫ ਪਾਣੀ ਨੂੰ ਤਰਸੇ ਲੋਕ, ਖਾਲੀ ਬਾਲਟੀਆਂ ਲੈ ਕੇ ਆਰਓ ਸਿਸਟਮ ਅੱਗੇ ਲਗਾਇਆ ਧਰਨਾ
Sangrur News : ਜ਼ਿਲ੍ਹਾ ਸੰਗਰੂਰ ਦੇ ਪਿੰਡ ਬੰਗਾਂ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਪਿੰਡ ਵਾਸੀ ਖਾਲੀ ਬਾਲਟੀਆਂ ਲੈ ਕੇ ਸਰਕਾਰੀ ਆਰਓ ਸਿਸਟਮ ਕੋਲ ਇਕੱਠੇ ਹੋ ਗਏ ਅਤੇ ਪੰਚਾਇਤ ਵਿਰੁੱਧ ਰੋਸ ਪ੍ਰਗਟ ਕਰਦਿਆਂ ਆਰਓ ਸਿਸਟਮ ਤੁਰੰਤ ਚਲਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਭਗ 13 ਸਾਲ ਪਹਿਲਾਂ ਲੱਗਿਆ ਇਹ ਆਰਓ ਸਿਸਟਮ ਅੱਜ ਤੱਕ ਕਦੇ ਵੀ ਪੂਰੀ ਤਰ੍ਹਾਂ ਚਲਾਇਆ ਹੀ ਨਹੀਂ ਗਿਆ।
ਪਿੰਡ ਵਾਸੀਆਂ ਦੇ ਇਲਜ਼ਾਮ – “ਕਾਗਜ਼ਾਂ ‘ਚ ਚਲਦਾ, ਜ਼ਮੀਨ ‘ਤੇ ਬੰਦ”
ਪਿੰਡ ਦੇ ਜੋਧਾ ਸਿੰਘ ਨੇ ਸਰਪੰਚ ‘ਤੇ ਸਿੱਧੇ ਆਰੋਪ ਲਗਾਉਂਦਿਆਂ ਕਿਹਾ ਕਿ ਆਰਓ ਸਿਸਟਮ ਚਲਾਉਣ ਦਾ ਮਤਾ ਸੱਤ ਮਹੀਨੇ ਪਹਿਲਾਂ ਹੀ ਪਾਸ ਹੋ ਚੁੱਕਾ ਹੈ, ਫਿਰ ਵੀ ਅੱਜ ਤੱਕ ਪਾਣੀ ਉਪਲਬਧ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੰਦ ਪਏ ਆਰਓ ਸਿਸਟਮ ਦੇ ਬਾਵਜੂਦ ਬਿਜਲੀ ਦੇ ਬਿਲ ਆ ਰਹੇ ਹਨ ਅਤੇ ਮੁਰੰਮਤ ਦੇ ਨਾਂ ‘ਤੇ ਲੱਖਾਂ ਰੁਪਏ ਖਰਚ ਦਿਖਾਏ ਗਏ ਹਨ। ਜਗਦੇਵ ਸਿੰਘ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਅਤੇ ਪਿੰਡ ਦੇ ਪਾਣੀ ਦਾ ਟੀਡੀਐਸ 2200 ਤੋਂ ਉੱਪਰ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਆਰਓ ਕਦੇ ਚਲਿਆ ਹੀ ਨਹੀਂ ਤਾਂ 15 ਹਜ਼ਾਰ ਰੁਪਏ ਦਾ ਬਿਲ ਕਿਵੇਂ ਆ ਗਿਆ?
ਨੰਬਰਦਾਰ ਦਾ ਖੁਲਾਸਾ – “ਇੱਕ ਬਾਲਟੀ ਵੀ ਨਹੀਂ ਭਰੀ”
ਪਿੰਡ ਦੇ ਨੰਬਰਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਆਰਓ ਸਿਸਟਮ ਕ੍ਰਿਸ਼ਨ ਸਿੰਘ ਸਰਪੰਚ ਦੇ ਸਮੇਂ ਬਣਿਆ ਸੀ ਪਰ ਅੱਜ ਤੱਕ ਕਿਸੇ ਨੇ ਵੀ ਇਸ ਤੋਂ ਪਾਣੀ ਨਹੀਂ ਪੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਲਗਭਗ 5000 ਦੀ ਆਬਾਦੀ ਖਰਾਬ ਪਾਣੀ ਪੀਣ ਲਈ ਮਜਬੂਰ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ।
ਬਜ਼ੁਰਗ ਮਹਿਲਾਵਾਂ ਦੀ ਪੀੜਾ – “ਸਾਫ ਪਾਣੀ ਬਿਨਾਂ ਜੀਣਾ ਔਖਾ
ਪਿੰਡ ਦੀ ਬਜ਼ੁਰਗ ਮਹਿਲਾ ਸੰਧੂਰੀ ਨੇ ਕਿਹਾ ਕਿ ਸਾਫ ਪਾਣੀ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ, ਪਰ ਪੰਚਾਇਤ ਆਰਓ ਸਿਸਟਮ ਨਹੀਂ ਚਲਾ ਰਹੀ। ਮਨਜੀਤ ਰਾਣੀ ਨੇ ਦੱਸਿਆ ਕਿ ਆਰਓ ਸਿਸਟਮ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਿੰਡ ‘ਚ ਕੈਂਸਰ ਦੇ ਮਰੀਜ਼ ਵੀ ਵਧ ਰਹੇ ਹਨ। ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਰਓ ਸਿਸਟਮ ਲਈ ਨਿਰਧਾਰਤ ਇੱਕ ਕਨਾਲ 6 ਮਰਲੇ ਜ਼ਮੀਨ ‘ਤੇ ਕਬਜ਼ੇ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ਛੁਡਾ ਕੇ ਚਾਰਦੀਵਾਰੀ ਕਰਵਾਈ ਜਾਵੇ ਤਾਂ ਜੋ ਗੰਦਗੀ ਨਾ ਸੁੱਟੀ ਜਾ ਸਕੇ।
ਸਰਪੰਚ ਦੀ ਸਫਾਈ – “ਲੋਕ ਗੈਰਕਾਨੂੰਨੀ ਤਰੀਕੇ ਨਾਲ ਚਲਾ ਰਹੇ ਆਰਓ
ਪਿੰਡ ਦੇ ਸਰਪੰਚ ਦਾਰਾ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਰਓ ਸਿਸਟਮ 10–12 ਸਾਲ ਪੁਰਾਣਾ ਹੈ ਅਤੇ ਕਈ ਵਾਰ ਲੋਕ ਖੁਦ ਕੁੰਡੀਆਂ ਪਾ ਕੇ ਇਸਨੂੰ ਚਲਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਚਲਾਉਣ ਕਾਰਨ ਨੁਕਸਾਨ ਦੀ ਜ਼ਿੰਮੇਵਾਰੀ ਵੀ ਲੋਕਾਂ ‘ਤੇ ਹੀ ਹੋਵੇਗੀ। ਸਰਪੰਚ ਨੇ ਮੰਨਿਆ ਕਿ 15 ਹਜ਼ਾਰ ਰੁਪਏ ਦਾ ਬਿਲ ਆਇਆ ਹੈ ਅਤੇ ਜਲਦ ਨਵਾਂ ਕਨੈਕਸ਼ਨ ਲੈ ਕੇ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਗੰਦਗੀ ਸੁੱਟਣ ਜਾਂ ਗੈਰਕਾਨੂੰਨੀ ਤਰੀਕੇ ਨਾਲ ਆਰਓ ਚਲਾਉਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨਕ ਕਾਰਵਾਈ ਕੀਤੀ ਜਾਵੇਗੀ
- PTC NEWS