Ludhiana ’ਚ ਬੱਚੀ ਦੀ ਮੌਤ ’ਤੇ ਹਸਪਤਾਲ ’ਚ ਹੰਗਾਮਾ, ਡਾਕਟਰ ’ਤੇ ਲੱਗੇ ਅਣਗਹਿਲੀ ਦੇ ਇਲਜ਼ਾਮ
Ludhiana News : ਲੁਧਿਆਣਾ ਦੇ ਵਿੱਚ ਬੁੱਧਵਾਰ ਫੀਲਡਗੰਜ 16 ਕੁਚੇ ਵਿੱਚ ਪੈਂਦੇ ਗੁਲਾਟੀ ਕੇਅਰ ਸੈਂਟਰ ਨਾਂ ਦੇ ਪ੍ਰਾਈਵੇਟ ਕਲੀਨਿਕ ’ਤੇ ਜੰਮ ਕੇ ਹੰਗਾਮਾ ਹੋਇਆ। ਦੱਸ ਦਈਏ ਕਿ ਸਵਾ ਮਹੀਨੇ ਦੀ ਇੱਕ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਨੇ ਕਲੀਨਿਕ ਦੇ ਡਾਕਟਰ ’ਤੇ ਗਲਤ ਇਲਾਜ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਜ਼ੋਰਦਾਰ ਹੰਗਾਮਾ ਹੋਇਆ।
ਜਾਣਕਾਰੀ ਦਿੰਦੇ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਸਵਾ ਮਹੀਨੇ ਦੀ ਬੇਟੀ ਨੂੰ ਤਿੰਨ ਚਾਰ ਦਿਨ ਤੋਂ ਖਾਂਸੀ ਜੁਕਾਮ ਸੀ, ਜਿਸ ਦਾ ਉਹ ਡਾਕਟਰ ਗੁਲਾਟੀ ਤੋਂ ਇਲਾਜ ਕਰਵਾ ਰਹੀ ਸੀ ਬੁੱਧਵਾਰ ਦੁਪਹਿਰ ਬੱਚੀ ਦੀ ਹਾਲਤ ਥੋੜੀ ਖਰਾਬ ਹੋਣ ਕਰਕੇ ਉਹ ਡਾਕਟਰ ਕੋਲ ਲੈ ਗਈ, ਜਿੱਥੇ ਡਾਕਟਰ ਵੱਲੋਂ ਉਸਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਹਸਪਤਾਲ ਜਾਨ ਦੀ ਗੱਲ ਆਖੀ ਗਈ। ਜਦੋਂ ਉਹ ਵੱਡੇ ਹਸਪਤਾਲ ਪਹੁੰਚੇ ਤਾਂ ਉੱਥੇ ਡਾਕਟਰ ਨੇ ਉੱਥੇ ਕਿਹਾ ਕਿ ਬੱਚੀ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਹ ਵਾਪਸ ਗੁਲਾਟੀ ਕਲੀਨਿਕ ਪਹੁੰਚੇ ਪਰ ਡਾਕਟਰ ਨੇ ਆਪਣੀ ਅਣਗਹਿਲੀ ਦੀ ਗੱਲ ਨਹੀਂ ਮੰਨੀ, ਜਿਸ ’ਤੇ ਮਜਬੂਰਨ ਉਨ੍ਹਾਂ ਨੂੰ ਹੰਗਾਮਾ ਕਰਨਾ ਪਿਆ। ਉਹਨਾਂ ਨੇ ਇਲਜ਼ਾਮ ਲਾਇਆ ਕਿ ਡਾਕਟਰ ਦੇ ਅੰਦਰ ਜੋ ਸੀਸੀਟੀਵੀ ਕੈਮਰੇ ਲੱਗੇ ਹਨ ਉਸ ਵਿੱਚੋ ਕੁੱਝ ਮਿੰਟ ਦੀ ਰਿਕਾਰਡਿੰਗ ਗਾਇਬ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਮੌਕੇ ’ਤੇ ਥਾਣਾ ਡਿਵੀਜ਼ਨ ਨੰਬਰ ਦੋ ਵੀ ਪੁਲਿਸ ਪਹੁੰਚੀ, ਸਬ ਇੰਸਪੈਕਟਰ ਭੂਪਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਰਿਵਾਰ ਨੇ ਡਾਕਟਰ ’ਤੇ ਅਣਗਹਿਲੀ ਕਰਕੇ ਬੱਚੀ ਦੀ ਮੌਤ ਹੋਣ ਦੇ ਇਲਜ਼ਾਮ ਲਾਏ ਹਨ ਜਦਕਿ ਡਾਕਟਰ ਦਾ ਕਹਿਣਾ ਹੈ ਕਿ ਉਸਦੀ ਕੋਈ ਗਲਤੀ ਨਹੀਂ ਹੈ। ਪਰਿਵਾਰ ਦੀ ਸ਼ਿਕਾਇਤ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਜਦੋਂ ਡਾਕਟਰ ਅੰਗਦ ਗੁਲਾਟੀ ਨੇ ਅਣਗਹਿਲੀ ਦੇ ਇਲਜ਼ਾਮ ਨਕਾਰਦੇ ਕਿਹਾ ਕਿ ਪਰਿਵਾਰ ਨੂੰ ਗਲਤਫਹਿਮੀ ਹੋਈ ਸੀ, ਜਿਸਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਸਾਨੂੰ ਦਸਤਾਵੇਜ ਦੇ ਦਿੱਤਾ ਹੈ।
ਪਰ ਇੱਥੇ ਸਭ ਤੋਂ ਵੱਡਾ ਇੱਕ ਸਵਾਲ ਇਹੀ ਖੜਾ ਹੁੰਦਾ ਹੈ ਕਿ ਇਸ ਕਲੀਨਿਕ ਦੇ ਵਿੱਚ ਕਿਸੇ ਦੀ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸੇ ਕਲੀਨਿਕ ’ਤੇ ਇਸ ਤਰ੍ਹਾਂ ਦੇ ਹੰਗਾਮੇ ਹੋ ਚੁੱਕੇ ਹਨ। ਲੋਕਾਂ ਦੇ ਵੱਲੋਂ ਧਰੇ ਪ੍ਰਦਰਸ਼ਨ ਤੱਕ ਵੀ ਕੀਤੇ ਗਏ ਹਨ। ਪਰ ਹਰ ਵਾਰ ਡਾਕਟਰ ਵੱਲੋਂ ਸੈਟਿੰਗ ਕਰਕੇ ਲੋਕਾਂ ਤੋਂ ਐਫੀਡੇਵਿਟ ਲੈ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : Hoshiarpur News : ਆਰਮੀ ਤੋਂ ਰਿਟਾਇਰਡ ਹੋ ਕੇ ਘਰ ਪਰਤ ਰਹੇ ਪਿਓ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ, ਇੰਝ ਵਾਪਰਿਆ ਹਾਦਸਾ
- PTC NEWS