Phagwara 'ਚ ਸ਼ਿਵ ਸੈਨਾ ਨੇਤਾ ਅਤੇ ਉਨ੍ਹਾਂ ਦੇ ਬੇਟੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਇੱਕ ਆਰੋਪੀ ਨੂੰ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ
Phagwara News :ਫਗਵਾੜਾ 'ਚ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਾਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਾਲ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਫਗਵਾੜਾ ਪੁਲਿਸ ਨੇ ਬੁੱਧਵਾਰ ਨੂੰ ਇੱਕ ਆਰੋਪੀ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਦਾ ਕਹਿਣਾ ਹੈ ਕਿ ਹਮਲੇ ਦੇ ਮੁੱਖ ਆਰੋਪੀ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਾਲ ਅਤੇ ਉਨ੍ਹਾਂ ਦੇ ਪੁੱਤਰ ਜ਼ਿੰਮੀ ਕਰਵਾਲ 'ਤੇ ਮੰਗਲਵਾਰ ਸ਼ਾਮ ਨੂੰ ਜਾਨਲੇਵਾ ਹਮਲਾ ਹੋਇਆ ਸੀ।
ਇਸ ਘਟਨਾ ਵਿੱਚ ਇੰਦਰਜੀਤ ਅਤੇ ਜਿੰਮੀ ਦੋਵੇਂ ਜ਼ਖਮੀ ਹੋ ਗਏ ਸਨ ਅਤੇ ਦੋਵਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ। ਝਗੜੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇੰਦਰਜੀਤ ਕਰਵਾਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਾਲ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਸਥਾਨਕ ਗੋਸ਼ਾਲਾ ਬਾਜ਼ਾਰ ਵਿੱਚ ਉਨ੍ਹਾਂ 'ਤੇ ਗੋਲੀ ਚਲਾਈ ਗਈ ਅਤੇ ਹਮਲਾ ਕੀਤਾ ਗਿਆ। ਇਸ ਘਟਨਾ ਦੇ ਗੁੱਸੇ ਵਿੱਚ ਸ਼ਿਵ ਸੈਨਾ ਆਗੂਆਂ ਨੇ ਵੀਰਵਾਰ ਨੂੰ ਫਗਵਾੜਾ ਦੇ ਬਾਜ਼ਾਰ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਆਗੂਆਂ ਅਤੇ ਦੁਕਾਨਦਾਰਾਂ ਨੇ ਧਰਨਾ ਦਿੱਤਾ।
ਘਟਨਾ ਉਪਰੰਤ ਐੱਸਐੱਸਪੀ ਗੌਰਵ ਤੂਰਾ ਅਤੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਅੱਧੀ ਰਾਤ ਤੱਕ ਸਿਵਲ ਹਸਪਤਾਲ ਵਿੱਚ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਸਿਟੀ ਪੁਲੀਸ ਨੇ ਛੇ ਹਮਲਾਵਰਾਂ, ਜਿਨ੍ਹਾਂ ਵਿੱਚ ਤਨੀਸ਼ ਉਰਫ਼ ਬਿੰਦਾ ਅਤੇ ਸੁਨੀਲ (ਦੋਵੇਂ ਬਾਲਮੀਕੀ ਮੁਹੱਲਾ, ਫਗਵਾੜਾ ਦੇ ਵਸਨੀਕ) ਵਜੋਂ ਪਛਾਣੇ ਗਏ ਹਨ, ’ਤੇ ਬੀ ਐੱਨ ਐੱਸ (ਭਾਰਤੀ ਨਿਆ ਸੰਹਿਤਾ) ਦੀਆਂ ਧਾਰਾਵਾਂ 109, 126(2), 190, 191(3), 25 ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਹੈ।
ਸ਼ਿਵ ਸੈਨਾ ਅਤੇ ਹੋਰ ਹਿੰਦੂ ਸਮੂਹਾਂ ਵੱਲੋਂ ਦਿੱਤੇ ਗਏ ਸ਼ਹਿਰ-ਵਿਆਪੀ ਬੰਦ ਦੇ ਸੱਦੇ ਦੇ ਹਿੱਸੇ ਵਜੋਂ ਬਾਜ਼ਾਰ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਬੰਦ ਸ਼ਾਂਤੀਪੂਰਵਕ ਰਿਹਾ ਅਤੇ ਪੁਲੀਸ ਨੇ ਮਾਹੌਲ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵੀ ਕੀਤੀ । ਇਸ ਦੌਰਾਨ ਫਗਵਾੜਾ ਬਾਰ ਐਸੋਸੀਏਸ਼ਨ ਨੇ ਐਡਵੋਕੇਟ ਰਵਿੰਦਰ ਸ਼ਰਮਾ ਦੀ ਅਗਾਵਈ ਹੇਠ ਬੰਦ ਦਾ ਸਮਰਥਨ ਕੀਤਾ ਅਤੇ ‘ਨੋ ਵਰਕ ਡੇਅ’ ਦੇ ਐਲਾਨ ਕਰਦਿਆਂ ਕੰਮ ਬੰਦ ਰੱਖਿਆ ਹੈ।
- PTC NEWS