Bathinda Road Accident : ਟਰਾਲੇ ਨਾਲ ਟਕਰਾਈ ਪੁਲਿਸ ਦੀ ਗੱਡੀ , ASI ਦੀ ਮੌਤ ਅਤੇ ਇੰਸਪੈਕਟਰ ਸਮੇਤ 4 ਜ਼ਖਮੀ
Bathinda Road Accident : ਬਠਿੰਡਾ ਵਿੱਚ ਪੁਲਿਸ ਗੱਡੀ ਅਤੇ ਇੱਕ ਟਰਾਲੇ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ,ਜਦਕਿ ਇੱਕ ਇੰਸਪੈਕਟਰ ਸਮੇਤ ਚਾਰ ਕਰਮਚਾਰੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ASI ਜਲੰਧਰ ਸਿੰਘ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਇੰਸਪੈਕਟਰ ਰਾਜਦੀਪ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੋਰ ਜ਼ਖਮੀਆਂ ਵਿੱਚ ਹੌਲਦਾਰ ਮਨਪ੍ਰੀਤ ਸਿੰਘ, ਜਗਰੂਪ ਸਿੰਘ, ਕੁਲਜੀਤ ਸਿੰਘ ਸ਼ਾਮਲ ਹਨ। ਹਾਦਸੇ ਤੋਂ ਬਾਅਦ ਪੁਲਿਸ ਨੇ ਨੁਕਸਾਨੀ ਗਈ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਵਾਪਰਿਆ। ਜਦੋਂ ਸ੍ਰੀ ਮੁਕਤਸਰ ਸਾਹਿਬ ਦੇ CIA ਸਟਾਫ ਦੀ ਗੱਡੀ ਪਟਿਆਲਾ ਤੋਂ ਵਾਪਸ ਆਉਂਦੇ ਸਮੇਂ ਇੱਕ ਟਰਾਲੇ ਨਾਲ ਟਕਰਾ ਗਈ। ਬੋਲੈਰੋ ਕਾਰ ਨੂੰ ASI ਜਲੰਧਰ ਸਿੰਘ ਚਲਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਦੀ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ASI ਜਲੰਧਰ ਸਿੰਘ ਦੀ ਜ਼ਿਆਦਾ ਖੂਨ ਵਹਿਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਛਲੀ ਸੀਟ 'ਤੇ ਬੈਠੇ ਇੰਸਪੈਕਟਰ ਸਮੇਤ ਤਿੰਨ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਮੌਕੇ 'ਤੇ ਇਕੱਠੇ ਹੋਏ ਲੋਕਾਂ ਅਤੇ ਪੁਲਿਸ ਨੇ ਜ਼ਖਮੀ ਏਐਸਆਈ ਜਲੰਧਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇੰਸਪੈਕਟਰ ਰਾਜਦੀਪ ਸਿੰਘ ਅਤੇ ਹੋਰ ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਟਰਾਲਾ ਮਾਲਕ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਏਐਸਆਈ ਜਲੰਧਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਮਪੁਰਾ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਥਾਣਾ ਸਦਰ ਰਾਮਪੁਰਾ ਦੇ ਮੁਨਸ਼ੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
- PTC NEWS