Tue, Nov 10, 2026
Whatsapp

Pratiksha Tondwalkar : ਸਫ਼ਾਈ ਕਰਮਚਾਰੀ ਤੋਂ SBI ਦੀ AGM ਤੱਕ ਦਾ ਸਫ਼ਰ, 60 ਰੁਪਏ ਮਹੀਨੇ ਦੀ ਕਮਾਈ ਤੋਂ ਕੀਤੀ ਸ਼ੁਰੂਆਤ

ਜਿਸ ਬੈਂਕ ਵਿੱਚ ਸਫ਼ਾਈ ਕਰਮਚਾਰੀ ਸੀ, ਉਸੇ ਬੈਂਕ ਵਿੱਚ ਬਣੀ ਉੱਚ ਅਧਿਕਾਰੀ

Reported by:  PTC News Desk  Edited by:  Jaswinder Kaur -- November 10th 2026 06:04 PM
Pratiksha Tondwalkar : ਸਫ਼ਾਈ ਕਰਮਚਾਰੀ ਤੋਂ SBI ਦੀ AGM ਤੱਕ ਦਾ ਸਫ਼ਰ, 60 ਰੁਪਏ ਮਹੀਨੇ ਦੀ ਕਮਾਈ ਤੋਂ ਕੀਤੀ ਸ਼ੁਰੂਆਤ

Pratiksha Tondwalkar : ਸਫ਼ਾਈ ਕਰਮਚਾਰੀ ਤੋਂ SBI ਦੀ AGM ਤੱਕ ਦਾ ਸਫ਼ਰ, 60 ਰੁਪਏ ਮਹੀਨੇ ਦੀ ਕਮਾਈ ਤੋਂ ਕੀਤੀ ਸ਼ੁਰੂਆਤ

Pratiksha Tondwalkar's Journey from a cleaner to SBI AGM :  ਮਹਾਰਾਸ਼ਟਰ ਦੀ ਪ੍ਰਤੀਕਸ਼ਾ ਤੌਂਡਵਲਕਰ ਨੇ ਆਪਣੀ ਜ਼ਿੰਦਗੀ ਵਿੱਚ ਕਈ ਔਖੇ ਦੌਰ ਦੇਖਣ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ। ਕਦੇ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਨ ਵਾਲੀ ਪ੍ਰਤੀਕਸ਼ਾ ਅੱਜ ਬੈਂਕ ਵਿੱਚ ਅਸਿਸਟੈਂਟ ਜਨਰਲ ਮੈਨੇਜਰ (AGM) ਦੇ ਅਹੁਦੇ ਤੱਕ ਪਹੁੰਚ ਚੁੱਕੀ ਹੈ। ਕਹਿੰਦੇ ਹਨ ਕਿ ਜੇਕਰ ਇਨਸਾਨ ਦੇ ਮਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੁਸ਼ਕਲ ਉਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀ। ਇਸ ਗੱਲ ਨੂੰ ਪ੍ਰਤੀਕਸ਼ਾ ਨੇ ਸੱਚ ਕਰ ਦਿਖਾਇਆ ਹੈ। ਉਨ੍ਹਾਂ ਦਾ ਇਹ ਸਫ਼ਰ ਲੱਖਾਂ ਲੋਕਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ।

ਗਰੀਬੀ ਵਿੱਚ ਬੀਤਿਆ ਬਚਪਨ, ਛੋਟੀ ਉਮਰ 'ਚ ਵਿਆਹ

ਪ੍ਰਤੀਕਸ਼ਾ ਤੌਂਡਵਲਕਰ ਦਾ ਜਨਮ 1964 ਵਿੱਚ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਸਿਰਫ਼ ਸੱਤਵੀਂ ਜਮਾਤ ਤੱਕ ਹੀ ਪੜ੍ਹ ਸਕੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਪਤੀ ਸਟੇਟ ਬੈਂਕ ਆਫ਼ ਇੰਡੀਆ ਵਿੱਚ ਬੁੱਕ ਬਾਈਂਡਰ ਵਜੋਂ ਕੰਮ ਕਰਦੇ ਸਨ।

ਇਹ ਵੀ ਪੜ੍ਹੋ : 

Election 2027: ਚੋਣ ਕਮਿਸ਼ਨ ਦੇ ਯੂ.ਪੀ. ਸਮੇਤ 5 ਰਾਜਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼, ਨਿਰਪੱਖਤਾ ਅਤੇ ਪਾਰਦਰਸ਼ਤਾ ਰੱਖਣ ਦੀ ਅਪੀਲ!

ਪਰ ਜ਼ਿੰਦਗੀ ਨੇ ਜਲਦੀ ਹੀ ਉਨ੍ਹਾਂ ਨੂੰ ਇੱਕ ਵੱਡੀ ਚੁਣੌਤੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਵਿਆਹ ਤੋਂ ਕੁਝ ਸਾਲ ਬਾਅਦ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਉਸ ਸਮੇਂ ਪ੍ਰਤੀਕਸ਼ਾ ਦੀ ਉਮਰ ਕਰੀਬ 20 ਸਾਲ ਸੀ ਅਤੇ ਉਨ੍ਹਾਂ ਦੇ ਮੋਢਿਆਂ 'ਤੇ ਛੋਟੇ ਬੱਚੇ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਆ ਗਈ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਨ੍ਹਾਂ ਕੋਲ ਕੋਈ ਪੱਕਾ ਆਮਦਨ ਦਾ ਸਾਧਨ ਨਹੀਂ ਸੀ।

60-65 ਰੁਪਏ ਮਹੀਨਾ ਤਨਖ਼ਾਹ ਨਾਲ ਸ਼ੁਰੂ ਕੀਤਾ ਸਫ਼ਰ

ਆਪਣੇ ਬੱਚੇ ਦੇ ਭਵਿੱਖ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪ੍ਰਤੀਕਸ਼ਾ ਨੇ 1985 ਵਿੱਚ ਮੁੰਬਈ ਵਿਖੇ SBI ਦੀ ਇੱਕ ਬ੍ਰਾਂਚ ਵਿੱਚ ਪਾਰਟ-ਟਾਈਮ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਸਮੇਂ ਉਨ੍ਹਾਂ ਨੂੰ ਮਹੀਨੇ ਦੇ ਸਿਰਫ਼ 60 ਤੋਂ 65 ਰੁਪਏ ਮਿਲਦੇ ਸਨ।

ਭਾਵੇਂ ਇਹ ਕਮਾਈ ਬਹੁਤ ਘੱਟ ਸੀ, ਪਰ ਉਨ੍ਹਾਂ ਨੇ ਹਾਲਾਤਾਂ ਅੱਗੇ ਗੋਡੇ ਨਹੀਂ ਟੇਕੇ। ਉਹ ਜਾਣਦੇ ਸਨ ਕਿ ਜੇਕਰ ਆਪਣੀ ਅਤੇ ਆਪਣੇ ਬੱਚੇ ਦੀ ਜ਼ਿੰਦਗੀ ਬਦਲਣੀ ਹੈ ਤਾਂ ਪੜ੍ਹਾਈ ਜਾਰੀ ਰੱਖਣੀ ਪਵੇਗੀ।

ਨੌਕਰੀ ਦੇ ਨਾਲ ਮੁੜ ਸ਼ੁਰੂ ਕੀਤੀ ਪੜ੍ਹਾਈ

ਪ੍ਰਤੀਕਸ਼ਾ ਨੇ ਨੌਕਰੀ ਦੇ ਨਾਲ-ਨਾਲ ਆਪਣੀ ਪੜ੍ਹਾਈ ਮੁੜ ਸ਼ੁਰੂ ਕੀਤੀ। ਬੈਂਕ ਦੇ ਸਹਿਯੋਗ ਨਾਲ ਉਨ੍ਹਾਂ ਨੇ ਪਹਿਲਾਂ ਦਸਵੀਂ ਅਤੇ ਫਿਰ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਵਿੱਚ ਮੈਸੇਂਜਰ (ਸੇਵਾਦਾਰ) ਦੇ ਪੱਕੇ ਅਹੁਦੇ 'ਤੇ ਨਿਯੁਕਤੀ ਮਿਲੀ।

ਪਰ ਉਨ੍ਹਾਂ ਦਾ ਸੁਪਨਾ ਇੱਥੇ ਹੀ ਖ਼ਤਮ ਨਹੀਂ ਹੋਇਆ। ਉਨ੍ਹਾਂ ਨੇ ਅੱਗੇ ਪੜ੍ਹਨ ਦਾ ਫ਼ੈਸਲਾ ਕੀਤਾ ਅਤੇ ਰਾਤ ਦੇ ਕਾਲਜ ਵਿੱਚ ਦਾਖ਼ਲਾ ਲੈ ਲਿਆ। ਨੌਕਰੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਪੜ੍ਹਾਈ ਕਰਦਿਆਂ ਉਨ੍ਹਾਂ ਨੇ 31 ਸਾਲ ਦੀ ਉਮਰ ਵਿੱਚ SNDT ਕਾਲਜ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।

ਕਲਰਕ ਤੋਂ ਟਰੇਨੀ ਅਫ਼ਸਰ ਤੱਕ ਦਾ ਸਫ਼ਰ

1995 ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਪ੍ਰਤੀਕਸ਼ਾ ਨੂੰ ਬੈਂਕ ਵਿੱਚ ਕਲਰਕ-ਕਮ-ਕੈਸ਼ੀਅਰ ਦੇ ਅਹੁਦੇ 'ਤੇ ਤਰੱਕੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਦੀ ਅੰਦਰੂਨੀ ਪ੍ਰੀਖਿਆ ਦਿੱਤੀ ਅਤੇ ਪਹਿਲੀ ਹੀ ਕੋਸ਼ਿਸ਼ ਵਿੱਚ ਸਫ਼ਲਤਾ ਹਾਸਲ ਕਰਕੇ ਟਰੇਨੀ ਅਫ਼ਸਰ ਬਣ ਗਏ।

ਇਸ ਦੌਰਾਨ ਉਨ੍ਹਾਂ ਦੇ ਦੂਜੇ ਪਤੀ ਪ੍ਰਮੋਦ ਤੌਂਡਵਲਕਰ ਨੇ ਵੀ ਉਨ੍ਹਾਂ ਨੂੰ ਅੱਗੇ ਵਧਣ ਲਈ ਹੌਸਲਾ ਦਿੱਤਾ ਅਤੇ ਬੈਂਕਿੰਗ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਿਯੋਗ ਕੀਤਾ।

ਜੂਨ 2022 ਵਿੱਚ ਬਣੇ AGM

ਸਾਲਾਂ ਦੀ ਮਿਹਨਤ, ਲਗਾਤਾਰ ਪੜ੍ਹਾਈ ਅਤੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਤੋਂ ਬਾਅਦ ਪ੍ਰਤੀਕਸ਼ਾ ਨੇ ਜੂਨ 2022 ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਅਸਿਸਟੈਂਟ ਜਨਰਲ ਮੈਨੇਜਰ (AGM) ਦਾ ਅਹੁਦਾ ਹਾਸਲ ਕੀਤਾ।

ਉਨ੍ਹਾਂ ਨੇ 55 ਸਾਲ ਦੀ ਉਮਰ ਵਿੱਚ ਕੁਦਰਤੀ ਚਿਕਿਤਸਾ (Naturopathy) ਦਾ ਕੋਰਸ ਵੀ ਪੂਰਾ ਕੀਤਾ। ਇਸ ਤੋਂ ਇਲਾਵਾ ਉਹ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਵੀ ਯਤਨਸ਼ੀਲ ਹਨ।

ਪ੍ਰਤੀਕਸ਼ਾ ਤੌਂਡਵਲਕਰ ਦੀ ਕਹਾਣੀ ਸਿਰਫ਼ ਇੱਕ ਔਰਤ ਦੀ ਤਰੱਕੀ ਦੀ ਕਹਾਣੀ ਨਹੀਂ, ਸਗੋਂ ਇਹ ਸਾਬਤ ਕਰਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਸਿੱਖਿਆ, ਹਿੰਮਤ ਅਤੇ ਲਗਾਤਾਰ ਮਿਹਨਤ ਨਾਲ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ। ਸਫ਼ਾਈ ਕਰਮਚਾਰੀ ਤੋਂ AGM ਤੱਕ ਦਾ ਉਨ੍ਹਾਂ ਦਾ ਸਫ਼ਰ ਦੱਸਦਾ ਹੈ ਕਿ ਇਨਸਾਨ ਦੀ ਪਛਾਣ ਉਸ ਦੇ ਸ਼ੁਰੂਆਤੀ ਅਹੁਦੇ ਨਾਲ ਨਹੀਂ, ਸਗੋਂ ਉਸ ਦੀ ਮਿਹਨਤ ਅਤੇ ਕਾਬਲੀਅਤ ਨਾਲ ਬਣਦੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK