President Droupadi Murmu ਦਾ ਜਲੰਧਰ ਦੌਰਾ ਰੱਦ ,ਖਰਾਬ ਮੌਸਮ ਕਾਰਨ ਫਲਾਈਟ ਅੰਮ੍ਰਿਤਸਰ ਤੋਂ ਉਡਾਣ ਨਹੀਂ ਭਰ ਸਕੀ
President Draupadi Murmu : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅੱਜ ਦਾ ਜਲੰਧਰ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਦੀ ਫਲਾਈਟ ਅੰਮ੍ਰਿਤਸਰ ਤੋਂ ਉਡਾਣ ਨਹੀਂ ਭਰ ਸਕੀ। ਇਸ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਰਾਸ਼ਟਰਪਤੀ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਦੇ 21ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ।
ਰਾਸ਼ਟਰਪਤੀ ਵੱਲੋਂ 1,452 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣੀਆਂ ਸਨ ਅਤੇ 31 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਪ੍ਰਦਾਨ ਕੀਤੇ ਜਾਣੇ ਸਨ। ਸੁਰੱਖਿਆ ਕਾਰਨਾਂ ਕਰਕੇ ਪ੍ਰਸ਼ਾਸਨ ਨੇ ਜਲੰਧਰ ਨੂੰ 16 ਜਨਵਰੀ ਤੱਕ "ਨੋ-ਫਲਾਈ ਜ਼ੋਨ" ਘੋਸ਼ਿਤ ਕੀਤਾ ਹੈ।
ਅੱਜ ਜਲੰਧਰ ਵਿੱਚ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਲਈ ਇੱਕ ਇਤਿਹਾਸਕ ਦਿਨ ਹੋਣਾ ਚਾਹੀਦਾ ਸੀ ਪਰ ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੌਰੇ ਵਿੱਚ ਰੁਕਾਵਟ ਆਈ ਹੈ।
ਰਾਸ਼ਟਰਪਤੀ ਨੇ ਸੰਸਥਾ ਦੇ 21ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਸੁਰੱਖਿਆ ਅਤੇ ਦ੍ਰਿਸ਼ਟੀ ਦੇ ਮੁੱਦਿਆਂ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ। ਹੁਣ ਐਨ.ਆਈ.ਟੀ. ਦੇ 21ਵੇਂ ਕਨਵੋਕੇਸ਼ਨ ਵਿੱਚ ਰਾਜਪਾਲ ਗੁਲਾਬ ਚੰਦਰ ਕਟਾਰੀਆ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ। ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਜੀਐਨਡੀਯੂ ਵਿਖੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ।
- PTC NEWS