ਐਸਡੀਐਮ ਮਨਾਲੀ ਰਮਨ ਸ਼ਰਮਾ ਅਤੇ ਡੀਐਸਪੀ ਮਨਾਲੀ ਕੇਡੀ ਸ਼ਰਮਾ ਦੀ ਦੇਖ-ਰੇਖ ਵਿੱਚ ਜੇਸੀਬੀ ਦਰਿਆ ਦੇ ਵਿਚਕਾਰ ਉਤਰੀ ਅਤੇ ਦਿਖਾਈ ਦੇ ਰਹੇ ਮਲਬੇ ਨੂੰ ਹਟਾਇਆ ਗਿਆ। ਕਰੀਬ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਬੱਸ ਦਾ ਕੁਝ ਹਿੱਸਾ ਮਿਲਿਆ।
ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਅਨੁਸਾਰ ਇਹ ਬੱਸ ਨੰਬਰ (ਪੀਬੀ65ਬੀਬੀ4893) 9 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 2.40 ਵਜੇ ਚੰਡੀਗੜ੍ਹ ਸੈਕਟਰ 43 ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਬੱਸ ਵਿੱਚ ਇੱਕੋ ਪਰਿਵਾਰ ਦੇ 11 ਲੋਕ ਸਵਾਰ ਸੀ। ਇਸ ਤੋਂ ਇਲਾਵਾ ਕੁਝ ਹੋਰ ਸਵਾਰੀਆਂ ਦੇ ਵੀ ਬੱਸ ਨਾਲ ਰੁੜ੍ਹ ਜਾਣ ਦਾ ਖਦਸ਼ਾ ਹੈ। ਅਗਲੇ ਦੋ ਦਿਨਾਂ ਤੱਕ ਭਾਰੀ ਬਰਸਾਤ ਦੀ ਚਿਤਾਵਨੀ ਦੇ ਮੱਦੇਨਜ਼ਰ ਬੱਸ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ।
ਐਸਡੀਐਮ ਮਨਾਲੀ ਰਮਨ ਕੁਮਾਰ ਸ਼ਰਮਾ ਅਤੇ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਨੂੰ ਟਰੇਸ ਕਰ ਲਿਆ ਹੈ। ਬੱਸ ਮਲਬੇ ਵਿੱਚ ਦੱਬੀ ਹੋਈ ਹੈ। ਜਿਸ ਕਾਰਨ ਉਸਨੂੰ ਕੱਢਿਆ ਨਹੀਂ ਜਾ ਸਕਿਆ ਹੈ। ਮੌਸਮ ਸਾਫ਼ ਹੋਣ ਅਤੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਹੀ ਇਸਨੂੰ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਸ ਦੇ ਨਾਲ ਲਾਪਤਾ ਲੋਕਾਂ ਦਾ ਵੀ ਪਤਾ ਲੱਗ ਸਕੇਗਾ।
ਜ਼ਿਕਰਯੋਗ ਹੈ ਕਿ ਡਰਾਈਵਰ ਅਤੇ ਕੰਡਕਟਰ ਦੀਆਂ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਸਨ। ਮਨਾਲੀ ਨੇੜੇ 10 ਜੁਲਾਈ ਐਤਵਾਰ ਨੂੰ ਭਾਰੀ ਮੀਂਹ ਕਾਰਨ ਬੱਸ ਰੁੜ੍ਹ ਗਈ ਸੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਸ 'ਚ ਸਵਾਰੀਆਂ ਮੌਜੂਦ ਸੀ ਜਾਂ ਨਹੀਂ।