PSEB 10th Result 2025 : PSEB ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ , ਫ਼ਰੀਦਕੋਟ ਦੀ ਅਕਸ਼ਨੂਰ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ
PSEB 10th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸ਼ੁੱਕਰਵਾਰ (16 ਮਈ) ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਜਿਸ ਵਿੱਚ 95 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। 10ਵੀਂ ਜਮਾਤ ਦੇ ਨਤੀਜਿਆਂ 'ਚ ਕੁੱਲ 2,77,746 ਵਿਦਿਆਰਥੀਆਂ ਵਿੱਚੋਂ 2,65,548 ਪਾਸ ਹੋਏ ਹਨ। ਇਸ ਬਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ ਹੈ।
10ਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.85% ਪਾਸ ਪ੍ਰਤੀਸ਼ਤਤਾ ਨਾਲ ਮੁੰਡਿਆਂ (94.50%) ਨੂੰ ਪਛਾੜ ਦਿੱਤਾ ਹੈ। ਸ਼ਹਿਰੀ ਖੇਤਰਾਂ ਵਿੱਚ ਪਾਸ ਪ੍ਰਤੀਸ਼ਤਤਾ 94.71% ਅਤੇ ਪੇਂਡੂ ਖੇਤਰਾਂ ਵਿੱਚ 96.09% ਰਹੀ, ਜੋ ਕਿ ਪੇਂਡੂ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਦੀ ਅਕਸ਼ਨੂਰ ਕੌਰ ਨੇ 650 'ਚੋਂ 650 ਅੰਕ ਪ੍ਰਾਪਤ ਕਰਕੇ ਸੂਬੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ 650 'ਚੋਂ 650 ਅੰਕ ਪ੍ਰਾਪਤ ਕਰਕੇ ਸੂਬੇ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਨੇ ਵੀ 650 'ਚੋ 650 ਅੰਕ ਪ੍ਰਾਪਤ ਕਰਕੇ ਸੂਬੇ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਤਿੰਨੋ ਸਥਾਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਅੰਕ ਇਕੋ ਜਿਹੇ ਹਨ ਪਰ ਉਮਰ ਦੇ ਕਰਕੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਮਿਲਿਆ ਹੈ।
ਇੰਝ ਦੇਖਣਾ ਪਵੇਗਾ ਨਤੀਜਾ
ਬੋਰਡ ਦੇ ਅਨੁਸਾਰ ਨਤੀਜੇ ਦੇਖਣ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ ਖੁੱਲ੍ਹੇਗਾ, ਜਿੱਥੇ ਨਤੀਜਾ ਵਾਲਾ ਕਾਲਮ ਦਿਖਾਈ ਦੇਵੇਗਾ। ਤੁਹਾਨੂੰ ਉੱਥੇ ਆਪਣੀ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਨਤੀਜਾ ਸਾਹਮਣੇ ਆਵੇਗਾ।
- PTC NEWS