Punjab ByElection 2024 : ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ, ਪਰਿਵਾਰਵਾਦ ਤੇ ਦੋਸਤੀ-ਯਾਰੀ ਨੇ ਮੁੜ ਵਿਖਾਇਆ ਰੰਗ!
Punjab ByElection 2024 : ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਚਾਰ ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਵੱਲੋਂ ਜਾਰੀ ਸੂਚੀ ਅਨੁਸਾਰ ਬਰਨਾਲਾ ਤੋਂ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਹੋਣਗੇ, ਜਦੋਂ ਕਿ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿਲੋਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਚੱਬੇਵਾਲ ਤੋਂ ਇਸ਼ਾਨ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ।
ਲੋਕ ਸਭਾ ਚੋਣਾਂ 2024 ਤੋਂ ਬਾਅਦ ਇੱਕ ਵਾਰ ਮੁੜ ਆਮ ਆਦਮੀ ਪਾਰਟੀ 'ਚ ਪੰਜਾਬ ਦੀਆਂ 4 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲਈ ਦੋਸਤੀ ਭਾਰੂ ਵਿਖਾਈ ਦਿੱਤੀ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਵਿਚੋਂ ਉਮੀਦਵਾਰ ਚੁਣਨ ਦੀ ਥਾਂ 'ਤੇ 5 ਕੈਬਨਿਟ ਮੰਤਰੀਆਂ ਨੂੰ ਹੀ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ ਸੀ।
ਆਮ ਆਦਮੀ ਪਾਰਟੀ ਨੇ ਜਿਥੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ, ਉਥੇ ਹੀ ਬਰਨਾਲਾ 'ਚ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਦੋਸਤ ਨੂੰ ਟਿਕਟ ਦੇ ਕੇ ਨਿਵਾਜਿਆ ਹੈ।
ਡਾ. ਰਾਜ ਕੁਮਾਰ ਚੱਬੇਵਾਲ ਦੇ ਮੁੰਡੇ ਨੂੰ ਟਿਕਟ
ਹਲਕਾ ਚੱਬੇਵਾਲ ਤੋਂ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਈਸ਼ਾਂਤ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਵੱਲੋਂ ਚੱਬੇਵਾਲ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਈਸ਼ਾਂਤ ਨੇ ਆਪਣੀ ਚੋਣ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਬਰਨਾਲਾ 'ਚ 'ਆਮ ਆਦਮੀ' 'ਤੇ ਦੋਸਤੀ ਰਹੀ ਭਾਰੂ!
ਬਰਨਾਲਾ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ ਨੇ ਪਾਰਟੀ ਵਰਕਰ ਹਰਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਅਤੇ ਬਰਨਾਲਾ ਤੋਂ ‘ਆਪ’ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਨ।
ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਦਾ ਰਹਿਣ ਵਾਲਾ ਹੈ, ਜਿਸ ਦੇ ਪਿਤਾ ਵੈਟਰਨਰੀ ਵਿਭਾਗ ਤੋਂ ਸੇਵਾਮੁਕਤ ਇੰਸਪੈਕਟਰ ਹਨ। ਮੀਤ ਹੇਅਰ ਅਤੇ ਹਰਿੰਦਰ ਸਿੰਘ ਸਕੂਲ ਸਮੇਂ ਤੋਂ ਹੀ ਦੋਸਤ ਹਨ। ਹਰਿੰਦਰ ਨੇ ਬਾਬਾ ਗਾਂਧਾ ਸਿੰਘ ਸਕੂਲ, ਬਰਨਾਲਾ ਤੋਂ ਆਪਣੀ 12ਵੀਂ ਜਮਾਤ ਪੂਰੀ ਕੀਤੀ ਅਤੇ ਬਾਅਦ ਵਿੱਚ ਮੀਤ ਹੇਅਰ ਦੇ ਨਾਲ ਬਨੂੜ ਕਾਲਜ ਤੋਂ ਬੀ.ਟੈਕ ਆਈ.ਟੀ ਦੀ ਪੜ੍ਹਾਈ ਕੀਤੀ ਅਤੇ ਮੀਤ ਹੇਅਰ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਹਰਿੰਦਰ ਸਿੰਘ ਨੂੰ ਮੀਤ ਹੇਅਰ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਅਤੇ ਉਹ ਹਰ ਥਾਂ ਮੀਤ ਹੇਅਰ ਨਾਲ ਨਜ਼ਰ ਆਉਂਦਾ ਹੈ। ਬਰਨਾਲਾ ਵਿਧਾਨ ਸਭਾ ਸੀਟ 'ਤੇ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਮੀਤ ਹੇਅਰ ਨੇ ਆਪਣੇ ਦੋਸਤ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਹਰਿੰਦਰ ਸਿੰਘ 35 ਸਾਲਾ ਵਿਆਹੁਤਾ ਹੈ।
- PTC NEWS