MP ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਲਈ RDF ਤੇ MDF ਲਈ ਵਿੱਤ ਮੰਤਰੀ ਤੋਂ ਦਖਲ ਦੀ ਕੀਤੀ ਮੰਗ
MP Vikramjit Singh Sahney : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਬੁੱਧਵਾਰ ਨੂੰ ਭਾਰਤ ਦੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਲਈ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਵਿਕਾਸ ਫੀਸ ਦੀ ਅਦਾਇਗੀ ਦੇ ਮੁੱਦੇ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਦਖਲ ਦੀ ਬੇਨਤੀ ਕੀਤੀ।
ਡਾ: ਸਾਹਨੀ ਨੇ ਦੁਹਰਾਇਆ ਕਿ ਪੰਜਾਬ ਦੀ ਤੁਲਨਾ ਹੋਰਨਾਂ ਰਾਜਾਂ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ 173 ਲੱਖ ਮੀਟ੍ਰਿਕ ਟਨ ਝੋਨੇ ਅਤੇ 125 ਲੱਖ ਮੀਟ੍ਰਿਕ ਟਨ ਕਣਕ ਦਾ ਸਾਲਾਨਾ ਉਤਪਾਦਨ ਕਰਦਾ ਹੈ।
ਡਾ: ਸਾਹਨੀ ਨੇ ਕਿਹਾ ਕਿ “ਪੰਜਾਬ ਵਿੱਚ ਕਿਸਾਨਾਂ ਦੁਆਰਾ ਖੇਤੀ ਉਪਜ ਦੀ ਢੋਆ-ਢੁਆਈ ਲਈ ਮੰਡੀਆਂ ਨੂੰ ਜੋੜਨ ਵਾਲੀਆਂ 64,724 ਕਿਲੋਮੀਟਰ ਪੇਂਡੂ ਸੜਕਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ, ਜਿਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਮੰਡੀ ਬੋਰਡ ਵੱਲੋਂ ਸਮੇਂ-ਸਮੇਂ ਤੇ ਆਰਡੀਐਫ ਰਾਹੀਂ ਕੀਤੀ ਜਾਂਦੀ ਹੈ।”
ਡਾ: ਸਾਹਨੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ 1936 ਮੰਡੀਆਂ ਹਨ, ਜੋ ਕਿ ਖੇਤੀ ਉਪਜਾਂ ਦੀ ਖਰੀਦ ਅਤੇ ਸਟੋਰੇਜ ਲਈ ਦੇਸ਼ ਭਰ ਵਿੱਚ ਸਭ ਤੋਂ ਵੱਡੀ ਗਿਣਤੀ ਹੈ ਅਤੇ ਮੰਡੀ ਬੋਰਡ ਮੰਡੀਆਂ ਦੇ ਸਾਰੇ ਸੰਚਾਲਨ ਅਤੇ ਰੱਖ-ਰਖਾਅ ਦੇ ਖਰਚੇ ਲਈ ਜ਼ਿੰਮੇਵਾਰ ਹੈ।
ਡਾ: ਸਾਹਨੀ ਨੇ ਵਿੱਤ ਮੰਤਰੀ ਨੂੰ ਇਸ ਮੁੱਦੇ ਦੇ ਜਲਦੀ ਹੱਲ ਲਈ ਕੇਂਦਰ ਅਤੇ ਰਾਜ ਦੇ ਸਾਰੇ ਸਬੰਧਤ ਸਟੇਕਹੋਲਡਰਾਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ, ਕਿਉਂਕਿ ਪੰਜਾਬ ਸਰਕਾਰ ਅਨੁਸਾਰ ਆਰਡੀਐਫ ਲਈ 1,516 ਕਰੋੜ ਰੁਪਏ ਵੀ ਲੰਬਿਤ ਹਨ।
- PTC NEWS