Punjab Kinnow : ਕਿਨੂੰ ਕਿਸਾਨਾਂ ਨੂੰ ਚੰਗੀ ਫ਼ਸਲ ਦੀ ਉਮੀਦ, ਪਰ ਮਾਰਕੀਟਿੰਗ ਨੇ ਕੀਤੇ ਨਿਰਾਸ਼, ਸਰਕਾਰ ਨੂੰ ਗੁਹਾਰ
Bathinda News : ਪੰਜਾਬ 'ਚ ਬਾਗਬਾਨੀ ਦਾ ਗੜ੍ਹ ਮੰਨੇ ਜਾਂਦੇ ਮਾਲਵੇ ਅੰਦਰ ਇਸ ਵਾਰ ਕਿੰਨੂ ਦੀ ਚੰਗੀ ਫਸਲ ਹੋਣ ਕਰਕੇ ਕਿਸਾਨਾਂ ਅਤੇ ਕਿਨੂੰ ਉਤਪਾਦਕਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਕਿੰਨੂ ਦੀ ਫਸਲ ਪੱਕ ਕੇ ਲਗਭਗ ਤਿਆਰ ਹੋ ਚੁੱਕੀ, ਕਿਸਾਨ ਜਿੱਥੇ ਮਾਰਕੀਟਿੰਗ ਕਾਰਨ ਭਾਰੀ ਮੁਸ਼ਕਿਲ ਆਉਣ ਦੀ ਗੱਲ ਕਰ ਰਹੇ ਹਨ, ਉਥੇ ਹੀ ਬਾਗਬਾਨੀ ਉਤਪਾਦਕਾਂ ਨੂੰ ਪਿਛਲੇ ਸਮੇਂ ਵਿੱਚ ਮਿਲਦੀਆਂ ਸਹੂਲਤਾਂ ਅਤੇ ਸਬਸਿਡੀਆਂ ਨਾ ਮਿਲਣ ਕਾਰਨ ਸਰਕਾਰ 'ਤੇ ਨਿਰਾਸ਼ਾ ਵੀ ਜਤਾ ਰਹੇ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਅਤੇ ਮਾਨਸਾ ਕਲਾਂ ਨੂੰ ਬਾਗਾਂ ਦੇ ਪਿੰਡਾਂ ਵਜੋਂ ਜਾਣਿਆ ਜਾਂਦਾ ਹੈ ਬੇਸ਼ੱਕ ਇਹਨਾਂ ਪਿੰਡਾਂ ਵਿੱਚ ਪਹਿਲਾਂ ਅੰਗੂਰਾਂ ਅਤੇ ਅਮਰੂਦ ਦੇ ਵੱਡੀ ਤਾਦਾਦ ਵਿੱਚ ਬਾਗ ਸਨ ਪਰ ਅੰਗੂਰਾਂ ਦੀ ਫਸਲ ਪਿਛਲੇ ਸਮੇਂ ਬਾਰਿਸ਼ ਕਾਰਨ ਖਰਾਬ ਹੋਣ ਅਤੇ ਸਰਕਾਰ ਦੀਆਂ ਅਣਦੇਖੀ ਕਾਰਨ ਬਹੁਤ ਜਿਆਦਾ ਪੁੱਟ ਦਿੱਤੇ ਗਏ ਤੇ ਹੁਣ ਜਿਆਦਾ ਲੋਕ ਕਿੰਨੂ ਦਾ ਉਤਪਾਦਨ ਕਰਦੇ ਹਨ।
ਇਸ ਵਾਰ ਮੌਸਮ ਕਿਨੂੰ ਦੇ ਅਨੁਕੂਲ ਰਹਿਣ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਭਾਵੇਂ ਕਿ ਹਜੇ ਕਿਨੂੰ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਇਆ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਤੋਂ ਬਾਅਦ ਕਿੰਨੂੰ ਮਿੱਠਾ ਹੋ ਜਾਂਦਾ ਹੈ, ਕਈ ਕਿੰਨੂ ਉਤਪਾਦਕਾਂ ਨੇ ਆਪਣੇ ਵਾਗ ਡੇਢ ਤੋਂ ਦੋ ਲੱਖ ਰੁਪਏ ਤੱਕ ਠੇਕੇ ਤੇ ਪ੍ਰਤੀ ਏਕੜ ਵੀ ਲਗਾਏ ਹਨ, ਕਿਨੂੰ ਉਤਪਾਦਕ ਮੰਨਦੇ ਹਨ ਕਿ ਸਰਕਾਰਾਂ ਬੇਸ਼ੱਕ ਕਿਸਾਨਾਂ ਨੂੰ ਬਾਗਵਾਨੀ ਕਰਨ ਲਈ ਉਤਸਾਹਿਤ ਕਰ ਰਹੀਆਂ ਹਨ ਪਰ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਕਿਉਂਕਿ ਪਿਛਲੇ ਸਮੇਂ ਵਿੱਚ ਕਿਸਾਨਾਂ ਨੂੰ ਬਾਗਬਾਨੀ ਲਈ ਮੁਫਤ ਸਪਰੇ, ਸਬਸਿਡੀ ਉੱਪਰ ਜਾਲ, ਅਤੇ ਕਰੇਟ ਵਗੈਰਾ ਮਿਲਦੇ ਸਨ। ਪਰ ਮੌਜੂਦਾ ਸਰਕਾਰ ਦੌਰਾਨ ਬਹੁਤੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਕਿਸਾਨ ਬਾਗਬਾਨੀ ਤੋਂ ਦੂਰ ਹੁੰਦੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਕਿੰਨੂੰ ਵੇਚਣ ਲਈ ਦੂਰ ਜਾਣਾ ਪੈਂਦਾ ਹੈ। ਜੇਕਰ ਇਸ ਇਲਾਕੇ ਵਿੱਚ ਸਰਕਾਰ ਕਿਨੂੰ ਦੀ ਖਪਤ ਲਈ ਕੋਈ ਫੈਕਟਰੀ ਬਣਾਵੇ ਤਾਂ ਕਿਸਾਨ ਵੱਡੀ ਤਾਦਾਦ ਵਿੱਚ ਕਿੰਨੂ ਦਾ ਉਤਪਾਦਨ ਕਰ ਸਕਦੇ ਹਨ।
ਬਠਿੰਡਾ ਤੋਂ ਮਨੀਸ਼ ਗਰਗ ਦੀ ਵਿਸ਼ੇਸ਼ ਰਿਪੋਰਟ
- PTC NEWS