Vardhaman ਗਰੁੱਪ ਦੇ ਮਾਲਕ ਨਾਲ ਕਰੋੜਾਂ ਦੀ ਠੱਗੀ ਦਾ ਮਾਮਲਾ, ਪੁਲਿਸ ਨੇ ਅਸਾਮ 'ਚੋਂ ਫੜੇ 2 ਮੁਲਜ਼ਮ
Vardhaman Fruad : ਪੰਜਾਬ ਪੁਲਿਸ ਨੇ ਵਰਧਮਾਨ ਗਰੁੱਪ ਦੇ ਮਾਲਕ ਨਾਲ 7 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 24 ਘੰਟਿਆਂ 'ਚ ਠੱਗੀ ਦੇ ਇਸ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕਰਦਿਆਂ 2 ਮੁਲਜ਼ਮਾਂ ਨੂੰ ਆਸਾਮ ਦੇ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਦੱਸਿਆ ਹੈ, ਜਦਕਿ ਬਾਕੀ 7 ਠੱਗਾਂ ਦੀ ਭਾਲ ਜਾਰੀ ਹੈ।
ਲੁਧਿਆਣਾ ਦੇ ਡੀਸੀ ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਸਾਮ ਗੁਹਾਟੀ ਤੋਂ ਦੋ ਠੱਗਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਠੱਗੀ ਦੇ ਮਾਮਲੇ ਦੇ ਵਿੱਚ ਕੁੱਲ 9 ਠੱਗ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਅਜੇ 2 ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕੰਪਨੀ ਦੇ ਵਿੱਚ ਕੰਮ ਕਰਦੇ ਕਈ ਵਰਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਕੰਪਨੀ ਦੇ ਵਿੱਚ ਜਿਹੜੇ ਵਰਕਰ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ ਹੀ ਕੋਈ ਨਾ ਕੋਈ ਇਨ੍ਹਾਂ ਠੱਗਾਂ ਦੇ ਨਾਲ ਮਿਲਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਕੋਲੋਂ ਪੁੱਛਗਿਛ ਦੇ ਦੌਰਾਨ ਪਤਾ ਲੱਗਾ ਹੈ ਕਿ ਇਸ ਗੈਂਗ ਨੇ ਕਈ ਹੋਰ ਲੋਕਾਂ ਨੂੰ ਵੀ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਮਾਰੀ ਸੀ 7 ਕਰੋੜ ਦੀ ਠੱਗੀ
ਦੱਸ ਦਈਏ ਕਿ ਬੀਤੇ ਦਿਨੀ ਮਸ਼ਹੂਰ ਟੈਕਸਟਾਈਲ ਸਪਿਨਿੰਗ ਕੰਪਨੀ ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਧੋਖੇਬਾਜ਼ਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਂ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਅਤੇ ਮਾਣਹਾਨੀ ਦੀ ਧਮਕੀ ਦਿੱਤੀ। ਉਨ੍ਹਾਂ ਨੂੰ ਜਾਇਦਾਦ ਸੀਲ ਕਰਨ ਅਤੇ ਗ੍ਰਿਫਤਾਰ ਕਰਨ ਲਈ ਫਰਜ਼ੀ ਵਾਰੰਟ ਭੇਜੇ, ਜਿਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਲੈ ਲਏ ਗਏ। ਜਦੋਂ ਐਸਪੀ ਓਸਵਾਲ ਨੂੰ ਇਸ ਧੋਖਾਧੜੀ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਲੁਧਿਆਣਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਵਰਧਮਾਨ ਗਰੁੱਪ ਦੇ ਮਾਲਕ ਐਸਪੀ ਓਸਵਾਲ ਨੂੰ ਕੇਂਦਰ ਸਰਕਾਰ ਵੱਲੋਂ ਸਾਲ 2010 ਵਿੱਚ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਧਮਾਨ ਗਰੁੱਪ ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਵਿੱਚੋਂ ਇੱਕ ਹੈ। ਅੱਜ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਸ ਗਰੁੱਪ ਦੀਆਂ ਕਈ ਸ਼ਾਖਾਵਾਂ ਹਨ।
- PTC NEWS