Abohar Murder Case : ਐਨਕਾਊਂਟਰ ਮਗਰੋਂ ਪੰਜਾਬ ਪੁਲਿਸ ਦੀ FIR 'ਚ ਨਵਾਂ ਖੁਲਾਸਾ, ਖੜ੍ਹਾ ਹੋਇਆ ਵੱਡਾ ਸਵਾਲ
Abohar Murder Case : ਅਬੋਹਰ 'ਚ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਲੰਘੇ ਦਿਨ ਹਮਲਾਵਰਾਂ ਦੇ ਦੋ ਸਹਿਯੋਗੀਆਂ ਦੀ ਮੁਕਾਬਲੇ ਵਿੱਚ ਗੋਲੀ ਵੱਜਣ ਕਾਰਨ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਸਬੰਧੀ ਇਸ ਜੋ ਐਫਆਈਆਰ ਦਰਜ ਕੀਤੀ ਹੈ, ਉਸ ਵਿੱਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਐਫਆਈਆਰ ਅਨੁਸਾਰ ਜਸਪ੍ਰੀਤ ਅਤੇ ਰਾਮ ਰਤਨ ਦੀ ਮੌਤ ਘਟਨਾ ਸਥਾਨ ਨੇੜੇ ਝਾੜੀਆਂ 'ਚ ਲੁਕੇ ਉਨ੍ਹਾਂ ਦੇ ਦੋ ਸਾਥੀਆਂ ਅਤੇ ਪੁਲਿਸ ਦਰਮਿਆਨ ਗੋਲੀਬਾਰੀ ਵਿੱਚ ਹੋਈ। ਉਪਰੰਤ ਹਮਲਾ ਕਰਨ ਵਾਲੇ ਦੋਵੇਂ ਖੇਤਾਂ ਵਿਚੋਂ ਹੁੰਦੇ ਹੋਏ ਫਰਾਰ ਹੋ ਗਏ।
ਕੀ ਕਹਿੰਦੀ ਹੈ ਪੰਜਾਬ ਪੁਲਿਸ ਦੀ FIR ?
ਐਫਆਈਆਰ ਅਨੁਸਾਰ ਪੁਲਿਸ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਸੀ। ਪਰੰਤੂ ਜਦੋਂ ਪੁਲਿਸ ਮੁਲਜ਼ਮਾਂ ਨੂੰ ਨਿਸ਼ਾਨਦੇਹੀ 'ਤੇ ਝਾੜੀਆਂ ਵੱਲ ਲੈ ਕੇ ਜਾਣ ਲੱਗੀ ਤਾਂ ਝਾੜੀਆਂ ਵਿੱਚ ਇਨ੍ਹਾਂ ਦੇ ਦੋ ਅਣਪਛਾਤੇ ਸਾਥੀ ਲੁਕੇ ਹੋਏ ਸਨ, ਜਿਨ੍ਹਾਂ ਨੇ ਅਚਾਨਕ ਪੁਲਿਸ 'ਤੇ ਫਾਈਰਿੰਗ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਦੇ ਗੋਲੀਆਂ ਲੱਗੀਆਂ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਮੁਲਜ਼ਮਾਂ ਦੇ ਦੋਵੇਂ ਹਮਲਾਵਰ ਸਾਥੀ ਝਾੜੀਆਂ ਦੀ ਆੜ 'ਚ ਖੇਤਾਂ ਵਿਚੋਂ ਹੁੰਦੇ ਹੋਏ ਫਰਾਰ ਹੋ ਗਏ।
ਐਫਆਈਆਰ 'ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਨਾਮਾਲੂਮ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਦੀ ਮੌਤ ਹੋ ਗਈ। ਜਦਕਿ ਹਮਲਾਵਰਾਂ ਦੀ ਭੱਜਣ ਸਮੇਂ ਇਕ ਦੇਸੀ ਪਿਸਟਲ 30 ਬੋਰ ਵੀ ਡਿੱਗ ਗਈ ਸੀ।
ਖੜੇ ਹੋਏ ਵੱਡੇ ਸਵਾਲ
ਦੱਸ ਦਈਏ ਕਿ ਇਸ ਐਨਕਾਊਂਟਰ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਹਨ। ਉਥੇ ਹੀ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
- PTC NEWS