AAP MLA Raman Arora : ਭ੍ਰਿਸ਼ਟਾਚਾਰ ਦੇ ਮਾਮਲੇ 'ਚ 'ਆਪ' ਵਿਧਾਇਕ ਰਮਨ ਅਰੋੜਾ ਗ੍ਰਿਫ਼ਤਾਰ, ਛਾਪੇਮਾਰੀ ਦੌਰਾਨ ਕਰੀਬ 5 ਲੱਖ ਰੁਪਏ ਦੀ ਨਕਦੀ ਅਤੇ 1 ਕਿਲੋ ਤੋਂ ਵੱਧ ਸੋਨਾ ਬਰਾਮਦ
AAP MLA Raman Arora Corruption Case : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮ ਆਦਮੀ ਪਾਰਟੀ ਪੰਜਾਬ (AAP Punjab) ਦੇ ਵਿਧਾਇਕ ਰਮਨ ਅਰੋੜਾ (Raman Arora) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਘਰ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦਈਏ ਕਿ ਇਸਤੋਂ ਪਹਿਲਾਂ ਅਰੋੜਾ ਦੇ ਘਰ ਵਿਜੀਲੈਂਸ (Vigilance Raid) ਵੱਲੋਂ ਪਿਛਲੇ ਦਿਨੀ ਗ੍ਰਿਫ਼ਤਾਰ ਕੀਤੇ ਗਏ ਨਗਰ ਨਿਗਮ ਜਲੰਧਰ (Municipal Corporation Jalandhar) ਦੇ ਅਧਿਕਾਰੀ ਸੁਖਦੇਵ ਵਿਸ਼ਿਸ਼ਟ ਏਟੀਪੀ ਦੇ ਨਾਲ ਸਬੰਧਤ ਸੰਬੰਧਿਤ ਮਾਮਲੇ ਵਿੱਚ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ।
ਜਾਣਕਾਰੀ ਅਨੁਸਾਰ ਰਮਨ ਅਰੋੜਾ, ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। 'ਆਪ' ਨੇਤਾ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਵਿਧਾਇਕ ਖਿਲਾਫ਼ ਭ੍ਰਿਸ਼ਟਾਚਾਰ (Corruption Case) ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਰਮਨ ਅਰੋੜਾ 'ਤੇ ਪਹਿਲਾਂ ਨਗਰ ਨਿਗਮ ਦੇ ਅਫ਼ਸਰਾਂ ਦੇ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭਿਜਵਾਉਂਦਾ ਸੀ, ਉਪਰੰਤ ਉਹ ਲੋਕਾਂ ਤੋਂ ਪੈਸੇ ਲੈ ਕੇ ਨੋਟਿਸਾਂ ਨੂੰ ਰਫ਼ਾ-ਦਫਾ ਕਰਵਾਉਂਦਾ ਸੀ।
ਆਮ ਆਦਮੀ ਪਾਰਟੀ ਨੇ ਕੀਤਾ ਟਵੀਟ
ਉਧਰ, ਆਮ ਆਦਮੀ ਪਾਰਟੀ ਵੱਲੋਂ ਇਸ ਗ੍ਰਿਫ਼ਤਾਰ 'ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਟਵੀਟ ਕੀਤਾ ਗਿਆ ਹੈ ਕਿ ਆਪਣਾ ਹੋਵੇ ਜਾਂ ਕੋਈ ਹੋਰ, ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਕੁੱਝ ਦਿਨ ਪਹਿਲਾਂ ਲਈ ਗਈ ਸੀ ਸੁਰੱਖਿਆ ਵਾਪਸ
ਕੁਝ ਦਿਨ ਪਹਿਲਾਂ ਸਰਕਾਰ ਨੇ ਰਮਨ ਅਰੋੜਾ ਦੀ ਸੁਰੱਖਿਆ ਹਟਾ ਦਿੱਤੀ ਸੀ। ਅਰੋੜਾ ਨੇ ਖੁਦ ਸੁਰੱਖਿਆ ਹਟਾਉਣ ਦੀ ਪੁਸ਼ਟੀ ਕੀਤੀ ਸੀ। ਸੁਰੱਖਿਆ ਹਟਾਏ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਸੀ ਕਿ ਸਰਕਾਰ ਜਲਦੀ ਹੀ ਰਮਨ ਅਰੋੜਾ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।
- PTC NEWS