Mohali News : ਵਿਜੀਲੈਂਸ ਨੇ ਬਰਖਾਸਤ DSP ਗੁਰਸ਼ੇਰ ਸਿੰਘ ਅਤੇ ਉਸਦੀ ਮਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਕੀਤਾ ਦਰਜ
Mohali News : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਮਾਤਾ ਸੁਖਵੰਤ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਵਿਜੀਲੈਂਸ ਬਿਊਰੋ ਦੀ ਮੋਹਾਲੀ ਫਲਾਇੰਗ ਸਕੁਐਡ ਟੀਮ ਵੱਲੋਂ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਮਾਮਲਾ EOW ਦੀ ਸ਼ਿਕਾਇਤ 'ਤੇ ਕੀਤਾ ਗਿਆ , ਜੋ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਇਹ ਮੁਕੱਦਮਾ ਉਨ੍ਹਾਂ ਦੇ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਸ਼ੇਰ ਨੂੰ ਤਿੰਨ ਸਾਲਾਂ ਵਿੱਚ ਸਿਰਫ਼ 26 ਲੱਖ ਰੁਪਏ ਦੀ ਤਨਖਾਹ ਮਿਲੀ ਪਰ ਉਸਨੇ ਲਗਭਗ 2.59 ਕਰੋੜ ਰੁਪਏ ਖਰਚ ਕੀਤੇ। ਇਸੇ ਰਿਕਾਰਡ ਦੇ ਆਧਾਰ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਹੁਣ ਵਿਜੀਲੈਂਸ ਟੀਮਾਂ ਉਸਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ।
ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਹੁਣ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਖ਼ਿਲਾਫ਼ ਹਾਈ ਕੋਰਟ ਦੇ ਹੁਕਮਾਂ 'ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ ਹੈ। ਹਾਲਾਂਕਿ, ਵਿਜੀਲੈਂਸ ਬਿਊਰੋ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲਈ ਉਨ੍ਹਾਂ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ, ਜੋ ਡੀਐਸਪੀ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ।
ਆਮਦਨ ਤੋਂ 96.99% ਵੱਧ ਖਰਚ ਕੀਤਾ
ਵਿਜੀਲੈਂਸ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸਦੇ ਪਰਿਵਾਰ ਨੇ ਆਪਣੀ ਕੁੱਲ ਆਮਦਨ ਤੋਂ ਲਗਭਗ 97% ਵੱਧ ਪੈਸਾ ਖਰਚ ਕੀਤਾ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਈ ਇਹ ਗੱਲ
ਵਿਜੀਲੈਂਸ ਦੇ ਅਨੁਸਾਰ 1 ਅਪ੍ਰੈਲ 2021 ਨੂੰ ਡੀਐਸਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਕੁੱਲ 3,00,903.98 ਰੁਪਏ ਜਮ੍ਹਾਂ ਸਨ, ਜਦੋਂ ਕਿ 3,17,415 ਰੁਪਏ ਦਾ ਕਰਜ਼ਾ ਸੀ। ਫਰਮ ਦੇ ਬੈਂਕ ਬੈਲੇਂਸ ਸਟੇਟਮੈਂਟ ਅਨੁਸਾਰ ਇਸ ਮਿਆਦ ਦੀ ਸ਼ੁਰੂਆਤ ਵਿੱਚ ਕੁੱਲ 9,67,33,700.06 ਰੁਪਏ ਦੀ ਆਮਦਨ ਦਾ ਪਤਾ ਚੱਲਿਆ ਸੀ। 31 ਮਾਰਚ 2024 ਤੱਕ ਕੀਤੀ ਗਈ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਨ੍ਹਾਂ ਦੀ 2,47,50,000 ਰੁਪਏ ਦੀ ਅਚੱਲ ਸੰਪਤੀ ਅਤੇ ਹੋਰ ਸਾਧਨ ਸਨ। ਉਨ੍ਹਾਂ ਦਾ ਬੈਂਕ ਬੈਲੇਂਸ 83,88,429.08 ਰੁਪਏ ਸੀ। ਬਰਖਾਸਤ ਡੀਐਸਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ 25,17,415 ਰੁਪਏ ਦਾ ਕਰਜ਼ਾ ਲਿਆ ਸੀ। ਇਸ ਤੋਂ ਇਲਾਵਾ ਪਰਿਵਾਰ ਨੇ 1,81,35,270.77 ਰੁਪਏ ਦੀ ਰਾਸ਼ੀ ਕੰਪਨੀ, ਫਰਮ ਅਤੇ ਸੋਸਾਇਟੀਆਂ ਵਿੱਚ ਜਮ੍ਹਾਂ ਕਰਵਾਈ।
- PTC NEWS