Murder Case: ਜ਼ੀਰਕਪੁਰ 'ਚ ਖ਼ੌਫ਼ਨਾਕ ਵਾਰਦਾਤ, ਨੌਜਵਾਨ ਦਾ ਚਾਕੂਆਂ ਨਾਲ ਕਤਲ
ਜ਼ੀਰਕਪੁਰ : ਬੀਤੀ ਰਾਤ 11 ਵਜੇ ਦੇ ਕਰੀਬ ਜ਼ੀਰਕਪੁਰ ਦੇ ਪਿੰਡ ਭਬਾਤ ਵਿਖੇ ਦੋ ਫੁੱਟ ਦੀ ਗਲੀ 'ਚ ਇਕ ਨੌਜਵਾਨ ਤੇ ਚਾਕੂਆਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਦੇ ਮੂੰਹ, ਢਿੱਡ ਅਤੇ ਗਰਦਨ 'ਤੇ ਚਾਰ ਵਾਰ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਦੋ ਸਨ, ਜੋ ਗ੍ਰੇਅ ਰੰਗ ਦੀ ਐਕਟਿਵਾ 'ਤੇ ਆਏ ਸਨ, ਜਿਨ੍ਹਾਂ ਨੇ ਦੋ ਮਿੰਟਾਂ 'ਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਏ।
ਇਸ ਦੌਰਾਨ ਭੱਜਣ ਵੇਲੇ ਹਮਲਾਵਰ ਸੀ.ਸੀ.ਟੀ.ਵੀ. 'ਚ ਕੈਦ ਹੋ ਗਏ ਹਨ ਪਰ ਫੁਟੇਜ 'ਚ ਉਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਹਨ। ਪੁਲਿਸ ਘਟਨਾ ਦੇ ਆਲੇ-ਦੁਆਲੇ ਹੋਰ ਸੀ.ਸੀ.ਟੀ.ਵੀ. ਵੀ ਸਕੈਨ ਕਰ ਰਹੀ ਹੈ। ਪੁਲਿਸ ਅਨੁਸਾਰ ਨੌਜਵਾਨ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ, ਮੂਲ ਰੂਪ 'ਚ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜ਼ੀਰਕਪੁਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ।
ਸੋਹਣ ਕੋਸਮੋ ਪਲਾਜ਼ਾ ’ਚ ਕੰਮ ਕਰਦਾ ਸੀ। ਮੁੱਢਲੀ ਜਾਂਚ 'ਚ ਮਾਮਲਾ ਲੁੱਟ ਦਾ ਜਾਪਦਾ ਸੀ ਪਰ ਜਦੋਂ ਮੌਕੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਮੋਬਾਇਲ ਮਿਲਿਆ। ਪੁਲਿਸ ਮਾਮਲੇ 'ਚ ਵੱਖ-ਵੱਖ ਤੱਥਾਂ 'ਤੇ ਕੰਮ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ।
Pakistani Drone: ਸਰਹੱਦ ਪਾਰੋਂ ਮੁੜ ਪਾਕਿਸਤਾਨੀ ਡਰੋਨ ਦੀ ਦਸਤਕ, ਬੀਐਸਐਫ ਨੇ ਕੀਤੀ ਫਾਇਰਿੰਗ
- PTC NEWS