Patiala University : ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵਿਦਿਆਰਥੀ ਨੇ ਜੀਵਨਲੀਲਾ ਕੀਤੀ ਸਮਾਪਤ
Patiala News : ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਇੱਕ ਵਿਦਿਆਰਥੀ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਰਹਿਣ ਵਾਲਾ ਹੈ। ਯੂਨੀਵਰਸਿਟੀ 'ਚ ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਵਿਦਿਆਰਥੀਆਂ ਦਾ ਇਕੱਠ ਹੋ ਗਿਆ। ਹਾਲਾਂਕਿ ਅਜੇ ਤੱਕ ਵਿਦਿਆਰਥੀ ਵੱਲੋਂ ਕਿਉਂ ਆਪਣੀ ਜੀਵਨਲੀਲਾ ਸਮਾਪਤ ਕੀਤੀ ਗਈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ।
ਜਾਣਕਾਰੀ ਅਨੁਸਾਰ ਵਿਦਿਆਰਥੀ ਦੀ ਪਛਾਣ ਸ਼ੁਭਮ ਵਾਸੀ ਹਮੀਰਪੁਰ ਵਜੋਂ ਹੋਈ ਹੈ, ਜੋ ਕਿ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੀ 6ਵੀਂ ਮੰਜਿਲ 'ਤੇ ਸਥਿਤ ਕਮਰੇ ਵਿੱਚ ਰਹਿ ਰਿਹਾ ਸੀ, ਜਿਸ ਨੇ ਅੱਜ ਆਪਣੇ ਜੀਵਨਲੀਲਾ ਸਮਾਪਤ ਕਰ ਲਈ।
ਸਵੇਰੇ ਜਦੋਂ ਸ਼ੁਭਮ ਕਮਰੇ 'ਚੋਂ ਬਾਹਰ ਨਾ ਆਇਆ ਤਾਂ ਸਾਥੀਆਂ ਨੇ ਇਸ ਦੀ ਵਾਰਡਨ ਨੂੰ ਜਾਣਕਾਰੀ ਦਿੱਤੀ। ਉਪਰੰਤ ਜਦੋਂ ਕਮਰੇ 'ਚ ਦੇਖਿਆ ਤਾਂ ਸ਼ੁਭਮ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਹੋਰਨਾਂ ਵਿਦਿਆਰਥੀਆਂ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਿਆ ਤਾਂ ਹੋਸਟਲ ਵਿੱਚ ਹੰਗਾਮਾ ਮੱਚ ਗਿਆ।
ਪੁਲਿਸ ਨੇ ਕੀ ਕਿਹਾ
ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਥਾਣਾ ਅਰਬਨ ਸਟੇਟ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਇਤਲਾਹ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੇ ਵਿੱਚ ਛੇਵੀਂ ਮੰਜ਼ਿਲ 'ਤੇ ਇੱਕ ਵਿਦਿਆਰਥੀ ਨੇ ਫਾਹਾ ਲੈ ਲਿਆ ਤਾਂ ਤੁਰੰਤ ਅਸੀਂ ਪੰਜਾਬੀ ਯੂਨੀਵਰਸਿਟੀ ਪਹੁੰਚੇ ਤਾਂ ਵੇਖਿਆ ਕਿ ਇੱਕ ਵਿਦਿਆਰਥੀ, ਜਿਸ ਦਾ ਨਾਮ ਸ਼ੁਭਮ ਉਮਰ 19 ਸਾਲ ਬੀ ਫਾਰਮੈਸੀ ਦਾ ਫਸਟ ਈਅਰ ਦਾ ਸਟੂਡੈਂਟ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ, ਪਰ ਆਲੇ-ਦੁਆਲੇ ਦੀ ਜਾਂਚ ਦੌਰਾਨ ਕੋਈ ਵੀ ਸ਼ੱਕੀ ਸਮਾਨ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸ਼ੁਭਮ ਦੇ ਮਾਂ-ਪਿਓ ਨੂੰ ਇਤਲਾਹ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਆਉਣ ਪਿੱਛੋਂ ਹੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ੁਭਮ ਦੇ ਨਾਲ ਕਮਰੇ 'ਚ ਰਹਿਣ ਵਾਲੇ ਵਿਦਿਆਰਥੀ ਛੁੱਟੀ ਹੋਣ ਕਾਰਨ ਆਪਣੇ ਘਰ ਚਲੇ ਗਏ ਸਨ, ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਵਾਪਸ ਸੱਦਿਆ ਗਿਆ ਹੈ।
- PTC NEWS