Faridkot News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ 29 ਸਾਲਾ ਸੁਖਪ੍ਰੀਤ ਸਿੰਘ
Faridkot Youth Died in Canada : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਫ਼ਰੀਦਕੋਟ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 29 ਸਾਲਾ ਨੌਜਵਾਨ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਜਿਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ, ਉਥੇ ਹੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜੈਤੋ ਦੇ ਨਜ਼ਦੀਕ ਪੈਂਦੇ ਪਿੰਡ ਮੜ੍ਹਾਕ ਦੇ ਨੌਜਵਾਨ ਸੁਖਪ੍ਰੀਤ ਸਿੰਘ (29) ਪੁੱਤਰ ਸਿੰਕਦਰ ਸਿੰਘ ਵੀਰਾ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਣ ਕੈਨੇਡਾ ਵਿਖੇ ਮੌਤ ਹੋ ਗਈ। ਸੁਖਪ੍ਰੀਤ ਸਿੰਘ ਕੈਨੇਡਾ ਵਿਖੇ ਕਰੀਬ 7 ਮਹੀਨੇ ਪਹਿਲਾਂ (18 ਜੂਨ 2024) ਐਡਮਿੰਟਨ ਗਿਆ ਸੀ। ਮ੍ਰਿਤਕ ਸੁਖਪ੍ਰੀਤ ਸਿੰਘ ਦੀ ਪਤਨੀ ਪਵਨਪ੍ਰੀਤ ਕੌਰ ਪੀ.ਆਰ. ਕੈਨੇਡਾ ਵਿਖੇ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਘਰ ਦੀ ਸਥਿਤੀ ਆਰਥਿਕ ਤੌਰ 'ਤੇ ਬਹੁਤੀ ਠੀਕ ਨਹੀਂ ਹੈ ਤੇ ਭਾਰਤ ਸਰਕਾਰ ਤੋਂ ਉਹ ਮੰਗ ਕਰਦੇ ਹਨ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੀ ਡੈੱਡ ਬਾਡੀ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।
- PTC NEWS