Haldi Rog in Crop : ਮੀਂਹ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਹੁਣ ਝੋਨੇ ਦੀ ਫ਼ਸਲ 'ਤੇ 'ਹਲਦੀ ਰੋਗ' ਦੀ ਮਾਰ ! ਕਿਸਾਨਾਂ ਨੂੰ ਪਈ ਚਿੰਤਾ
Haldi Rog in Crop : ਪੰਜਾਬ ਦੇ ਦੋਆਬਾ ਇਲਾਕੇ ਵਿੱਚ ਬਾਰਿਸ਼ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਪਹਿਲਾਂ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਹੁਣ ਇੱਕ ਫ਼ਸਲਾਂ 'ਤੇ ਇੱਕ ਨਵੀਂ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ 'ਤੇ ਇੱਕ ਹੋਰ ਕੁਦਰਤੀ ਮਾਰ ਪੈਂਦੀ ਵਿਖਾਈ ਨਜ਼ਰੀਂ ਪੈ ਰਹੀ ਹੈ।
ਕਿਸਾਨਾਂ ਦੀ ਝੋਨੇ ਦੀਆਂ ਪੱਕੀਆਂ ਫ਼ਸਲਾਂ 'ਤੇ ਹੁਣ 'ਹਲਦੀ ਰੋਗ' ਦੀ ਮਾਰ ਪੈਂਦੀ ਵਿਖਾਈ ਦੇ ਰਹੀ ਹੈ। ਖੇਤਾਂ ਵਿੱਚ ਹਵਾ ਵਿੱਚ ਇਹ ਹਲਦੀ ਰੋਗ ਦਾ ਅਸਰ ਸਾਫ਼ ਵਿਖਾਈ ਦੇ ਰਿਹਾ ਹੈ, ਜਿਸ ਕਾਰਨ ਫ਼ਸਲਾਂ ਖ਼ਰਾਬ ਹੋਣੀਆਂ ਸ਼ੁਰੂ ਹੋ ਰਹੀਆਂ ਹਨ।
ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਝੋਨੇ ਨੂੰ ਹਲਦੀ ਰੋਗ ਪੈ ਗਿਆ ਹੈ, ਜਿਸ ਕਰਕੇ ਫਸਲ ਦੇ ਝਾੜ ਨੂੰ ਲੈ ਕੇ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੀਂਹ ਤੇ ਹੜ੍ਹਾਂ ਦੀ ਮਾਰ ਰਹੀ ਹੈ ਅਤੇ ਹੁਣ ਇਸ ਰੋਗ ਕਾਰਨ ਉਨ੍ਹਾਂ ਨੂੰ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ।
ਕਿਉਂ ਪੈਂਦੀ ਹੈ ਹਲਦੀ ਰੋਗ ਦੀ ਮਾਰ ?
ਇਸ ਰੋਗ ਬਾਰੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਬਲਦੇਵ ਸਿੰਘ ਦਾ ਕਹਿਣਾ ਹੈ ਕਿ ਹਲਦੀ ਰੋਗ ਇੱਕ ਕਿਸਮ ਦੀ ਉੱਲੀ ਹੈ, ਜੋ ਫ਼ਸਲ ਉਪਰ ਹੱਦੋਂ ਵੱਧ ਯੂਰੀਆ ਖਾਦ ਦੀ ਵਰਤੋਂ ਦਾ ਨਤੀਜਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ 'ਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਹਲਦੀ ਰੋਗ ਦੀ ਸ਼ਿਕਾਇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਝੋਨੇ ਦੀਆਂ ਮੁੰਜਰਾਂ ਨਿਕਲ ਆਉਣਾ ਤਾਂ ਹਲਦੀਨੁਮਾ ਉੱਲੀ ਰੋਗ ਲੱਗ ਜਾਂਦਾ ਹੈ, ਜਿਸ 'ਤੇ ਕਿਸੇ ਦਵਾਈ ਦੇ ਛਿੜਕਾਅ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਖੇਤੀਬਾੜੀ ਮਾਹਰਾਂ ਦਾ ਕੀ ਹੈ ਕਹਿਣਾ ?
ਝੋਨੇ ਦੀ ਫ਼ਸਲ ਦੇ ਇਸ ਰੋਗ ਬਾਰੇ ਖੇਤੀ ਮਾਹਰਾਂ ਨੇ ਫ਼ਸਲ ਉਪਰ ਕਿਸੇ ਵੀ ਕਿਸਮ ਦੀ ਦਵਾਈ ਦੇ ਛਿੜਕਾਅ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਪੀਏਯੂ ਦੇ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ: ਪ੍ਰਭਜੋਤ ਸਿੰਘ ਸੰਧੂ ਅਤੇ ਸੀਨੀਅਰ ਪੌਦਾ ਰੋਗ ਵਿਗਿਆਨੀ ਡਾ: ਅਮਰਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਝੋਨਾ ਅਗੇਤਾ ਭਾਵੇਂ ਪੂਸਾ - 44, ਪੀ ਆਰ 126, ਬਾਸਮਤੀ ਜਾਂ ਜਿਹੜੀ ਵੀ ਕਿਸਮ ਹੈ, ਬੀਜਿਆ ਗਿਆ ਹੈ, ਹਲਦੀ ਰੋਗ (ਉੱਲੀ) ਦੀ ਲਪੇਟ ਵਿਚ ਆਇਆ ਹੈ। ਉਨ੍ਹਾਂ ਦੱਸਿਆ ਕਿ ਹੱਦੋਂ ਵੱਧ ਯੂਰੀਆ ਦੀ ਵਰਤੋਂ, ਹਵਾ ਵਿੱਚ ਨਮੀ ਤੇ ਜੜਾਂ ਵਿਚ ਪਾਣੀ ਖੜ੍ਹਾ ਰਹਿਣ ਕਰਕੇ ਉੱਲੀ ਰੋਗ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਗੋਭ-ਦਾਣਾ ਨਿਕਲਣ ਤੋਂ ਪਹਿਲਾਂ ਜੇਕਰ ਖੇਤੀ ਮਾਹਿਰਾਂ ਨਾਲ ਸਲਾਹ ਕਰਕੇ ਸਿਫਾਰਸ਼ ਕੀਤੀ ਗਈ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਲਿਆ ਜਾਵੇ ਤਾਂ ਉੱਲੀ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ ਜਦ ਕਿ ਗੋਭ ਤੋਂ ਬਾਅਦ ਹਲਦੀ ਰੋਗ ਤੋਂ ਬਚਾਅ ਲਈ ਕਿਸੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨਾ ਬੇਅਰਥ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹਲਦੀ ਰੋਗ ਬਾਰੇ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਜਿਆਦਾ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਇਹ ਰੋਗ ਫਸਲ ਨੂੰ ਵੱਧ ਤੋਂ ਵੱਧ 1 ਫੀਸਦੀ ਨੁਕਸਾਨ ਪਹੁੰਚਾ ਸਕਦਾ ਹੈ।
- PTC NEWS