ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਜੋਧਪੁਰ 'ਚ ਰੂਹ ਕੰਬਾਊ ਵਾਰਦਾਤ, 45 ਸਾਲਾ ਵਿਅਕਤੀ ਵੱਲੋਂ 3 ਸਾਲਾ ਮਾਸੂਮ ਨਾਲ ਦਰਿੰਦਗੀ
Jodhpur Crime News : ਰੱਖੜੀ ਤੋਂ ਇੱਕ ਦਿਨ ਪਹਿਲਾਂ ਜੋਧਪੁਰ 'ਚ ਬਹੁਤ ਹੀ ਘਿਨੌਣੀ ਵਾਰਦਾਤ ਵਾਪਰੀ ਹੈ। ਰੂਹ ਕੰਬਾਊ ਘਟਨਾ 'ਚ 45 ਸਾਲਾਂ ਵਿਅਕਤੀ ਵੱਲੋਂ ਇੱਕ 3 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਮਾਸੂਮ ਬੱਚੀ ਨਾਲ ਇਸ ਵਿਅਕਤੀ ਨੇ ਬਹੁਤ ਹੀ ਦਰਿੰਦਗੀ ਕੀਤੀ। ਬੱਚੀ ਦੇ ਬੁੱਲ੍ਹਾਂ ਅਤੇ ਪਿੱਠ 'ਤੇ ਕੱਟ ਦੇ ਨਿਸ਼ਾਨ ਹਨ। ਪੀੜਤਾ ਐਤਵਾਰ ਸਵੇਰੇ ਖੂਨ ਨਾਲ ਲਥਪਥ ਕੰਬਲ 'ਚ ਲਿਪਟੀ ਹੋਈ ਮਿਲੀ, ਜਿਸ ਨੂੰ ਗੰਭੀਰ ਹਾਲਤ 'ਚ ਉਮੇਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜੋਧਪੁਰ ਪੁਲਿਸ ਕਮਿਸ਼ਨਰੇਟ ਦੇ ਏਡੀਸੀਪੀ ਲਾਭ ਰਾਮ ਦੇ ਅਨੁਸਾਰ, ਚਾਰਾ ਵੇਚਣ ਵਾਲੀ ਇੱਕ ਔਰਤ ਨੂੰ ਕੰਬਲ ਵਿੱਚ ਲਪੇਟੀ ਹੋਈ ਪੀੜਤ ਲੜਕੀ ਐਤਵਾਰ ਸਵੇਰੇ ਸੜਕ 'ਤੇ ਪਈ ਮਿਲੀ। ਉਪਰੰਤ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ। ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਬਾਅਦ ਵਿਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਉਸ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ।
ਏਡੀਸੀਪੀ ਮੁਤਾਬਕ ਮਾਸੂਮ ਬੱਚੀ ਨਾਲ ਜਬਰ-ਜਨਾਹ ਦੀ ਵਾਰਦਾਤ ਸ਼ਨੀਵਾਰ ਰਾਤ ਕਰੀਬ 2 ਵਜੇ ਕੀਤੀ ਗਈ। ਪੁਲਿਸ ਨੇ ਬਾਅਦ ਵਿੱਚ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਕੈਨ ਕੀਤਾ ਅਤੇ ਪਾਇਆ ਕਿ ਇੱਕ ਵਿਅਕਤੀ ਇੱਕ ਲੜਕੀ ਨੂੰ ਆਪਣੀ ਗੋਦ ਵਿੱਚ ਲੈ ਕੇ ਜਾ ਰਿਹਾ ਸੀ।
ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਦੀ ਭਾਲ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਫੜਿਆ ਗਿਆ ਮੁਲਜ਼ਮ ਹਰੀਸ਼ ਸਿੰਧੀ (45) ਚੌਪਾਸਨੀ ਹਾਊਸਿੰਗ ਬੋਰਡ ਸੈਕਟਰ 21 ਦਾ ਰਹਿਣ ਵਾਲਾ ਹੈ। ਮੁਲਜ਼ਮ ਫਿਲਹਾਲ ਜੋਧਪੁਰ ਦੇ ਘੰਟਾਘਰ ਇਲਾਕੇ 'ਚ ਚਾਹ ਦੀ ਦੁਕਾਨ 'ਤੇ ਕੰਮ ਕਰਦਾ ਸੀ।
ਫੁਟੇਜ ਵਾਇਰਲ ਹੋਣ ਪਿੱਛੋਂ ਮੁਲਜ਼ਮ ਨੇ ਕਰ ਦਿੱਤਾ ਸੀ ਫੋਨ ਬੰਦ
ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮ ਸ਼ਰਾਬੀ ਹੈ। ਇਸ ਕਾਰਨ ਉਸ ਦਾ 19 ਸਾਲਾ ਪੁੱਤਰ ਅਤੇ ਪਤਨੀ ਉਸ ਤੋਂ ਵੱਖ ਰਹਿੰਦੇ ਹਨ। ਮੁਲਜ਼ਮ ਪਹਿਲਾਂ ਕੱਪੜਿਆਂ ਤੇ ਚਾਹ ਦੀ ਦੁਕਾਨ ’ਤੇ ਕੰਮ ਕਰਦਾ ਸੀ। ਬਲਾਤਕਾਰ ਤੋਂ ਬਾਅਦ ਦੁਪਹਿਰ ਤੱਕ ਮੁਲਜ਼ਮ ਦੀ ਮੋਬਾਈਲ ਲੋਕੇਸ਼ਨ ਸਰਦਾਰਪੁਰਾ ਆ ਰਹੀ ਸੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਵਾਇਰਲ ਹੋਈ ਤਾਂ ਮੁਲਜ਼ਮ ਨੇ ਆਪਣਾ ਫੋਨ ਬੰਦ ਕਰ ਦਿੱਤਾ। ਪਰ ਤਕਨੀਕੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਨੂੰ ਘੰਟਾਘਰ ਤੋਂ ਕਾਬੂ ਕਰ ਲਿਆ। ਉਹ ਉੱਥੇ ਇੱਕ ਚਾਹ ਦੇ ਸਟਾਲ 'ਤੇ ਕੰਮ ਕਰਦਾ ਸੀ। ਪੀੜਤਾ ਦੇ ਮਾਪੇ ਝੁੱਗੀ ਵਿੱਚ ਰਹਿੰਦੇ ਹਨ। ਫਿਲਹਾਲ ਲੜਕੀ ਦਾ ਇਲਾਜ ਚੱਲ ਰਿਹਾ ਹੈ।
- PTC NEWS